ਅੰਦੋਲਨ, ਜਿੱਤ ਅਤੇ ਸੰਘਰਸ਼ ਦੇ ਨਾਲ ਚੱਲੀ ਪੁਸਤਕ ਚਰਚਾ
ਕਈ ਲੇਖਕ ਲੇਖਿਕਾਵਾਂ ਵੀ ਇਸ ਮੌਕੇ ਮੌਜੂਦ ਸਨ। ਇਸਤਰੀ ਸੰਗਠਨਾਂ ਅਤੇ ਲੋਕ ਪੱਖੀ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸਰਗਰਮ ਰਹਿਣ ਵਾਲੀ ਲੇਖਿਕਾ ਸੁਰਿੰਦਰ ਗਿੱਲ ਜੈਪਾਲ ਵੀ ਇਸ ਮੌਕੇ ਪੂਰੀ ਤਰ੍ਹਾਂ ਸਰਗਰਮ ਨਜ਼ਰ ਆਏ। ਸਿਆਸੀ ਰੈਲੀਆਂ ਵਿੱਚ ਅਪਣੱਤ ਅਤੇ ਜਜ਼ਬਾਤ ਵੀ ਮਾਅਨੇ ਰੱਖਦੇ ਹਨ ਇਹ ਹੱਲ ਮੈਡਮ ਸੁਰਿੰਦਰ ਜੈਪਾਲ ਦੀ ਭੱਜ ਨੱਠ ਤੋਂ ਮਹਿਸੂਸ ਕੀਤੀ ਜਾ ਸਕਦੀ ਸੀ।
ਉਹਨਾਂ ਆਪਣੀ ਕਿਤਾਬ "ਇੱਕ ਸਫ਼ਾ ਮੇਰਾ ਵੀ" ਦੀਆਂ ਕੁਝ ਕੁ ਕਾਪੀਆਂ ਵੀ ਇਕੱਠ ਵਿੱਚ ਆਏ ਲੇਖਕਾਂ ਅਤੇ ਪੱਤਰਕਾਰਾਂ ਨੂੰ ਭੇਂਟ ਕੀਤੀਆਂ। ਕਿਸਾਨ ਅੰਦੋਲਨ ਦੀ ਜਿੱਤ ਵੱਲ ਵਧੇ ਕਦਮਾਂ ਨੂੰ ਦੇਖਦਿਆਂ ਉਹਨਾਂ ਲੱਡੂ ਵੀ ਵੰਡੇ ਅਤੇ ਆਪਣੀ ਪੁਸਤਕ ਦੀਆਂ ਕਾਪੀਆਂ ਵੀ ਕੁਝ ਕੁ ਲੇਖਕਾਂ ਅਤੇ ਪੱਤਰਕਾਰਾਂ ਨੂੰ ਦਿੱਤੀਆਂ ਕਿਓਂਕਿ ਕਿਤਾਬਾਂ ਦੀ ਸੰਖਿਆ ਬਹੁਤ ਹੀ ਸੀਮਿਤ ਜਿਹੀ ਸੀ। ਇੱਕ ਕਾਪੀ ਉਹਨਾਂ ਸਾਹਿਤ ਸਕਰੀਨ ਲਾਇਬ੍ਰੇਰੀ ਲਈ ਵੀ ਭੇਂਟ ਕੀਤੀ। ਇਸ ਤਰ੍ਹਾਂ ਇਸ ਰੈਲੀ ਵਿੱਚ ਹੀ ਸਿਆਸੀ ਗੱਲਾਂ ਦੇ ਨਾਲ ਸਾਹਿਤਿਕ ਮਾਹੌਲ ਵੀ ਬਣਿਆ ਹੋਇਆ ਸੀ। ਇਸ ਮਾਹੌਲ ਨੂੰ ਉਸਾਰਨ ਅਤੇ ਮਜ਼ਬੂਤ ਬਣਾਉਣ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ, ਮਹੀਪਾਲ ਸਾਥੀ, ਰਮੇਸ਼ ਰਤਨ ਅਤੇ ਕੁਝ ਹੋਰ ਵੀ ਸਗਰਮ ਰਹੇ। ਪ੍ਰੋਫੈਸਰ ਜਗਮੋਹਨ ਹੁਰਾਂ ਨੇ ਯਾਦ ਦੁਆਇਆ ਕਿ ਅੱਜ 1924 ਵਾਲੇ ਭਗਤ ਸਿੰਘ ਨੂੰ ਲੱਭ ਕੇ ਲੋਕਾਂ ਵਿਚ ਲਿਆਉਣ ਦੀ ਲੋੜ ਹੈ। ਫਿਰ ਪਤਾ ਲੱਗੇਗਾ ਕਿ ਉਸਨੇ 24 ਸਾਲਾਂ ਵਿੱਚ ਹੀ ਕਿੰਨਾ ਵੱਡਾ ਕਾਰਜ ਨੇਪਰੇ ਚਾੜ੍ਹ ਲਿਆ ਸੀ। ਸੀਨੀਅਰ ਪੱਤਰਕਾਰ ਕਾਮਰੇਡ ਰਮੇਸ਼ ਕੌਸ਼ਲ ਅਤੇ ਸਤੀਸ਼ ਸਚਦੇਵਾ ਵੀ ਲੋਕਾਂ ਨਾਲ ਮਿਲਦਿਆਂ ਗਿਲਦਿਆਂ ਕਿਸਾਨ ਅੰਦੋਲਨ ਵਾਲੀ ਜਿੱਤ ਦੀਆਂ ਖਬਰਾਂ ਜੋਸ਼ੋ ਖਰੋਸ਼ ਨਾਲ ਸੁਣਦੇ ਸੁਣਾਉਂਦੇ ਰਹੇ।
ਲੇਖਿਕਾ ਸੁਰਿੰਦਰ ਗਿੱਲ ਜੈਪਾਲ ਹੁਰਾਂ ਦੀ ਕਿਤਾਬ "ਇੱਕ ਸਫ਼ਾ ਮੇਰਾ ਵੀ" ਦੀ ਸਾਹਿਤਿਕ ਚਰਚਾ ਵੱਖਰੇ ਤੌਰ ਤੇ ਵੀ ਜਲਦੀ ਹੀ ਕੀਤੀ ਜਾਏਗੀ। ਇਸ ਕਿਤਾਬ ਵਿਚਲੀਆਂ ਕਵਿਤਾਵਾਂ ਜ਼ਮੀਨੀ ਹਕੀਕਤਾਂ ਦੀ ਗੱਲ ਕਰਦੀਆਂ ਹਨ ਪੂਰੀ ਤਰ੍ਹਾਂ ਬੇਲਿਹਾਜ਼ ਹੋ ਕੇ। ਸਿਆਸੀ ਸਾਜ਼ਿਸ਼ਾਂ ਨੂੰ ਬੇਨਕਾਬ ਕਰਦੀਆਂ ਹਨ ਬੜੀ ਹੀ ਬੇਬਾਕੀ ਨਾਲ ਪਰ ਪੂਰੀ ਤਰ੍ਹਾਂ ਸੱਭਿਅਕ ਰਹਿੰਦਿਆਂ। ਕਾਰਪੋਰੇਟੀ ਕਲਚਰ ਦੇ ਸਿੱਟੇ ਵੱਜੋਂ ਫੈਲੇ ਪ੍ਰਦੂਸ਼ਣ ਦਾ ਵੀ ਲੇਖਿਕਾ ਨੇ ਗੰਭੀਰ ਨੋਟਿਸ ਲਿਆ ਹੈ। ਫਿਲਹਾਲ ਕਿਤਾਬ ਦੀ ਸਿਰਫ ਇੱਕੋ ਕਵਿਤਾ ਦੀਆਂ ਸਿਰਫ ਚਾਰ ਕੁ ਸਤਰਾਂ ਜੋ ਵਿੰਡੋ ਟੂ ਦ ਵਰਲਡ ਵਾਂਗ ਦਿਖਾਉਂਦੀਆਂ ਨੇ ਮੈਡਮ ਸੁਰਿੰਦਰ ਗਿੱਲ ਜੈਪਾਲ ਹੁਰਾਂ ਵੱਲੋਂ ਪਕੜੀ ਹੋਈ ਕਲਮ ਦੀ ਇੱਕ ਝਲਕ।
ਬੋਤਲਾਂ 'ਚ ਬੰਦ ਪੰਜ-ਆਬ ਰੋ ਪਿਆ! ਦੁੱਖੜਾ ਤਾਂ ਦੱਸ, ਤੇਰਾ ਕੀ ਖੋ ਗਿਆ?
ਛੰਨਾਂ ਢਾਰਿਆਂ ਦੇ ਸੰਘ ਸੁੱਕੇ! ਅੱਖੀਆਂ ਵਿੱਚੋਂ ਅਥਰੂ ਮੁੱਕੇ!
ਨੀਲਾ ਨੀਰ ਤਾਂ ਸੁਪਨਾ ਹੋਇਆ! ਇਸ ਸੁਪਨੇ ਨੂੰ ਕੀਹਨੇ ਕੋਹਿਆ?
ਲਹੂ ਤੋਂ ਮਹਿੰਗਾ ਨੀਰ ਵੇਖ ਕੇ! ਸੰਦਲੀ ਜਿਹੀ ਜ਼ਿੰਦਗੀ ਦਾ ਖ਼ਾਬ ਰੋ ਪਿਆ ਬੋਤਲਾਂ 'ਚ ਬੰਦ ਪੰਜ-ਆਬ ਰੋ ਪਿਆ!
(ਪੁਸਤਕ ਇੱਕ ਸਫ਼ਾ ਮੇਰਾ ਵੀ ਵਿੱਚੋਂ )
No comments:
Post a Comment