ਬਹੁਤ ਬਹੁਤ ਮੁਬਾਰਕ ਕੁੜੀਏ-ਹਰਮੀਤ ਵਿਦਿਆਰਥੀ ਦੇ ਸ਼ਬਦਾਂ ਵਿੱਚ
ਅੱਜ ਜਨਮਦਿਨ ਤਾਂ ਅਨੀਤਾ ਸ਼ਬਦੀਸ਼ ਹੈ ਪਰ ਪਹਿਲਾਂ ਗੱਲ ਹਰਮੀਤ ਦੀ ਕਰ ਲਈਏ। ਹਰਮੀਤ ਵਿਦਿਆਰਥੀ ਉਹਨਾਂ ਫ਼ਰਿਸ਼ਤਿਆਂ ਵਰਗੇ ਇਨਸਾਨਾਂ ਵਿੱਚੋਂ ਹੈ ਜਿਹਨਾਂ ਨੇ ਮਿਲਣ ਗਿਲਣ ਵਿਚ ਆਏ ਸੱਜਣਾਂ ਮਿੱਤਰਾਂ ਜਾਂ ਬੇਗਾਨਿਆਂ ਅੰਦਰ ਲੁਕੀ ਹੋਈ ਕਿਸੇ ਨ ਕਿਸੇ ਖ਼ਾਸੀਅਤ ਦੀ ਚਿਣਗ ਨੂੰ ਪਹਿਲੀ ਨਜ਼ਰੇ ਹੀ ਪਛਾਣਿਆ। ਸਿਰਫ ਪਛਾਣਿਆ ਹੀ ਨਹੀਂ ਬਲਕਿ ਉਸਨੂੰ ਹਵਾ ਵੀ ਦਿੱਤੀ। ਹੋਰਨਾਂ ਬਹੁਤੀਆਂ ਘੜੰਮ ਚੌਧਰੀਆਂ ਵਾਂਗ ਆਪਣੀਆਂ ਸਿਆਣਪਾਂ ਦਾ ਪਾਣੀ ਪਾ ਕੇ ਬੁਝਾਇਆ ਨਹੀਂ। ਉਸ ਖੂਬੀ ਨੂੰ ਸਲਾਮੀ ਕਰਕੇ ਹੋਰ ਉਤਸ਼ਾਹਿਤ ਹੀ ਕੀਤਾ। ਅਨੀਤਾ ਸ਼ਬਦੀਸ਼ ਲਈ ਲਿਖੇ ਜਨਮਦਿਨ ਦੀ ਵਧਾਈ ਦੇ ਸ਼ਬਦ ਪੜ੍ਹ ਕੇ ਇਹੀ ਕੁਝ ਮੇਰੇ ਮਨ ਵਿਚ ਆਇਆ। ਲਓ ਪੜ੍ਹੋ ਤੁਸੀਂ ਵੀ ਇਹਨਾਂ ਜਾਦੂਈ ਸ਼ਬਦਾਂ ਨੂੰ। ਇਹਨਾਂ ਵਿਚਲੀ ਉਰਜਾ ਤੁਹਾਨੂੰ ਵੀ ਸ਼ਕਤੀ ਦੇਵੇਗੀ। -ਰੈਕਟਰ ਕਥੂਰੀਆ
ਅਨੀਤਾ.....
ਪੰਜਾਬੀ ਰੰਗਮੰਚ ਦਾ ਸਥਾਪਤ ਨਾਂ
ਉਹਨਾਂ ਰਾਹਾਂ ਤੇ ਪੂਰੇ ਸਾਬਤ ਕਦਮੀਂ ਤੁਰੀ
ਜਿਹੜੇ ਰਾਹਾਂ ਵਿੱਚ ਕੰਡੇ ਵੀ ਸਨ ਤੇ ਟੋਏ ਵੀ
ਨਾਟਕਾਂ ਦਾ ਸਫ਼ਰ ਆਤਮਜੀਤ ਹੁਰਾਂ ਨਾਲ ਸ਼ੁਰੂ ਕੀਤਾ
ਪਰ ਭਾਈ ਮੰਨਾ ਸਿੰਘ (ਗੁਰਸ਼ਰਨ ਸਿੰਘ)
ਦੇ ਅੰਗ ਸੰਗ ਰਹਿੰਦਿਆਂ
ਉਸ ਨੇ ਥੀਏਟਰ ਦੀ ਆਤਮਾ ਨੂੰ ਆਤਮਸਾਤ ਕੀਤਾ
ਪੰਜਾਬ ਦੇ ਪਿੰਡ ਪਿੰਡ ਸ਼ਹਿਰ ਸ਼ਹਿਰ
ਵੇਲੇ ਦੇ ਬਲਦੇ ਸੁਆਲਾਂ ਨੂੰ ਉਠਾਉਂਦੇ ਨਾਟਕ ਖੇਡੇ....
ਅਨੀਤਾ ਜਦੋਂ ਅਨੀਤਾ ਸ਼ਬਦੀਸ਼ ਬਣੀ ਤਾਂ
ਅਦਾਕਾਰੀ ਦੇ ਨਾਲ ਨਾਲ
ਨਿਰਦੇਸ਼ਨ ਦੇ ਕੰਮ ਨੂੰ ਵੀ ਆਪਣੇ ਹੱਥ ਵਿੱਚ ਲੈ ਲਿਆ
ਤਕਰੀਬਨ " ਚਿੜੀ ਦੀ ਅੰਬਰ ਵੱਲ ਉਡਾਣ "ਨਾਲ ਸ਼ੁਰੂ ਹੋਏ
ਇਸ ਸਫ਼ਰ ਵਿੱਚ
ਕਥਾ ਰਿੜ੍ਹਦੇ ਪਰਿੰਦੇ ਦੀ
ਲੜਕੀ ਜਿਸਨੂੰ ਰੋਣਾ ਨਹੀਂ ਆਉਂਦਾ
ਹਵਾ ਜੇ ਏਦਾਂ ਹੀ ਵਗਦੀ ਰਹੀ
ਮਨ ਮਿੱਟੀ ਦਾ ਬੋਲਿਆ
ਨਟੀ ਬਿਨੋਦਨੀ
ਅਗਲੀ ਸਦੀ ਦਾ ਸੰਤਾਲੀ
ਜੇ ਹੁਣ ਵੀ ਨਾ ਬੋਲੇ
ਵਰਗੇ ਵੱਡੇ ਨਾਟਕਾਂ ਦੀ ਉਸਨੇ ਨਿਰਦੇਸ਼ਨਾਂ ਵੀ ਦਿੱਤੀ ਹੈ
ਅਤੇ ਉਹਨਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਵੀ ਵਿਖਾਇਆ ਹੈ
ਕਈ ਰਾਸ਼ਟਰੀ ਪੱਧਰ ਦੇ ਸਨਮਾਨ ਹਾਸਲ ਕੀਤੇ
ਦਰਜਨਾਂ ਫ਼ਿਲਮਾਂ ਵਿੱਚ ਮਹੱਤਵਪੂਰਨ ਕਿਰਦਾਰ ਨਿਭਾਏ ਹਨ
ਉਹ ਅਭਿਨੇਤਰੀ ਹੈ
ਨਿਰਦੇਸ਼ਕ ਹੈ
ਸੁਚੇਤਕ ਸਕੂਲ ਆਫ਼ ਐਕਟਿੰਗ ਦੀ ਡਾਇਰੈਕਟਰ ਹੈ
ਸਾਡੇ ਬਹੁਤ ਪਿਆਰੇ ਦੋਸਤ ਸ਼ਬਦੀਸ਼ ਦੀ ਜੀਵਨ ਸਾਥਣ ਹੈ
ਪਰ ਇਸ ਸਭ ਤੋਂ ਪਹਿਲਾਂ ਸਾਡੇ ਆਪਣੇ ਘਰ ਦਾ ਜੀਅ ਹੈ
ਅੱਜ ਅਨੀਤਾ ਸ਼ਬਦੀਸ਼ ਦਾ ਜਨਮ ਦਿਨ ਹੈ
ਬਹੁਤ ਬਹੁਤ ਮੁਬਾਰਕ ਕੁੜੀਏ
--ਹਰਮੀਤ ਵਿਦਿਆਰਥੀ
ਲੋਕਾਂ ਦੇ ਸੰਘਰਸ਼ਾਂ ਨੂੰ ਸਮਰਪਿਤ ਅੱਜ ਦੇ ਵੇਲਿਆਂ ਦੀ ਇਸ ਮਹਾਨ ਕਲਾਕਾਰਾ ਬਾਰੇ ਜੇ ਤੁਹਾਡਾ ਵੀ ਕੋਈ ਅਨੁਭਵ, ਕੋਈ ਯਾਦ ਜ਼ਹਿਨ ਦੇ ਕਿਸੇ ਕੋਨੇ ਵਿਚ ਲੁੱਕੀ ਪਈ ਹੈ ਤਾਂ ਉਸਨੂੰ ਜ਼ਰੂਰ ਸਾਂਝਿਆਂ ਕਰਨ। ਤੁਹਾਡੀਆਂ ਲਿਖਤਾਂ ਦੀ ਉਡੀਕ ਬਣੀ ਰਹੇਗੀ। ਉਸਦੇ ਨਾਲ ਸਬੰਧਤ ਤਸਵੀਰਾਂ ਵੀ ਹੋਣ ਤਾਂ ਉਹ ਵੀ ਜ਼ਰੂਰ ਭੇਜਣਾ। -ਸੰਪਾਦਕ Email: medialink32@gmail.com WhatsApp-+919915322407 |
No comments:
Post a Comment