ਸਟਰਗਲਾਂ ਭਾਵੇਂ ਜਿੰਨੀਆਂ ਮਰਜ਼ੀ ਕਰ ਲਈਏ
ਪਰਮੇਸ਼ਰ ਸਿੰਘ ਬੇਰਕਲਾਂ |
ਦਾਸਾਂ ਕਾਰਜ ਆਪੁ ਸਵਾਰੇ ਇਹ ਉਸਦੀ ਵਡਿਆਈ॥
ਸੈਲਾਨੀ ਵੀਜੇ ਲਈ ਵੱਖ ਵੱਖ ਪਾਪੜ ਵੇਲਣ ਤੋਂ ਲੈ ਕੇ ਪੱਕੇ ਕੈਨੇਡਾ ਵਾਲ਼ੇ ਹੋਣ ਦੀ ਖੁਸ਼ੀ
20 ਕੁ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਅਮਰੀਕਾ ਵਸਦਾ ਯੋਗੀ ਹਰਭਜਨ ਸਿੰਘ ਆਪਣੇ ਵੱਡੇ ਜਥੇ ਸਮੇਤ ਪੰਜਾਬ ਫੇਰੀ 'ਤੇ ਆਇਆ ਸੀ। ਮੈਨੂੰ ਉਦੋਂ ਹਾਲੇ ਪੱਤਰਕਾਰੀ ਸ਼ੁਰੂ ਕੀਤਿਆਂ ਸਾਲ ਡੇਢ ਸਾਲ ਹੀ ਹੋਇਆ ਸੀ। ਇਸ ਫੇਰੀ ਦੌਰਾਨ ਯੋਗੀ ਜਵੱਦੀ ਵਾਲ਼ੇ ਬਾਬਾ ਸੁੱਚਾ ਸਿੰਘ ਵੱਲੋਂ ਕਰਵਾਏ ਵਿਸ਼ਾਲ ਗੁਰਮਤਿ ਸੰਗੀਤ ਸੰਮੇਲਨ ਵਿਚ ਵੀ ਪਹੁੰਚੇ। ਇਥੇ ਯੋਗੀ ਨਾਲ਼ ਗੱਲਬਾਤ ਦੌਰਾਨ ਪੰਜਾਬੀ ਟ੍ਰਿਬਿਊਨ ਦੇ ਨਾਮਾਨਿਗਾਰ ਸਤਿਬੀਰ ਸਿੰਘ ਨੇ ਕਹਿ ਦਿੱਤਾ ਕਿ ਯੋਗੀ ਜੀ ਪੰਜਾਬ ਤੋਂ ਸਿੱਖ ਕੌਮ ਦੇ ਉਚ ਕੋਟੀ ਦੇ ਵਿਦਵਾਨਾਂ ਨੂੰ ਬੁਲਾ ਕੇ ਅਮਰੀਕਾ ਵਿਚ ਵੀ ਕੋਈ ਏਦਾਂ ਦਾ ਵੱਡਾ ਸਮਾਗਮ ਕਰਵਾਓ। ਯੋਗੀ ਨੇ ਤੁਰੰਤ ਹਾਮੀ ਭਰਦਿਆਂ ਇਸ ਦੀ ਕਵਰੇਜ ਲਈ ਸਤਿਬੀਰ ਸਿੰਘ ਨੂੰ ਵੀ ਅਮਰੀਕਾ ਆਉਣ ਦਾ ਸੱਦਾ ਦੇ ਦਿੱਤਾ।
ਤੀਜੀ ਵਾਰ ਬੈਲਜੀਅਮ ਸਰਕਾਰ ਨੂੰ ਵਿਸ਼ਵ ਹਾਕੀ ਕੱਪ ਦੀ ਕਵਰੇਜ ਵਾਸਤੇ ਅਰਜੀ ਦਿੱਤੀ। ਪਰ ਉਨ੍ਹਾਂ ਵੀ ਮਹੀਨਾ ਕੁ ਉਡੀਕ ਕਰਵਾ ਕੇ ਨਾਂਹ ਵਿਚ ਸਿਰ ਹਿਲਾ ਦਿੱਤਾ। ਇਸ ਦੌਰਾਨ ਵਿਦੇਸ਼ ਗੇੜੀ ਲਾ ਚੁੱਕੇ ਕੁੱਝ ਜਾਣਕਾਰਾਂ ਨੇ ਸਲਾਹ ਦਿੱਤੀ ਕਿ ਪਹਿਲਾਂ ਕੁੱਝ ਨੇੜੇ ਦੇ ਮੁਲਕਾਂ ਜਿਵੇਂ ਸਿੰਗਾਪੁਰ ਜਾਂ ਡੁਬਈ ਆਦਿ ਦਾ ਗੇੜਾ ਲਾ ਕੇ ਪਾਸਪੋਰਟ 'ਤੇ ਆਪਣਾ 'ਸੈਰ ਸਪਾਟੇ ਦਾ ਇਤਿਹਾਸ' (Travel history) ਬਣਾਓ ਤਾਂ ਹੀ ਯੂਰਪ ਜਾਂ ਵੱਡੇ ਮੁਲਕ ਵੀਜਾ ਦੇਣਗੇ। ਲਓ ਜੀ ਅਸੀਂ ਚੱਲ ਪਏ ਥਾਈਲੈਂਡ, ਮਲੇਸ਼ੀਆ ਤੇ ਸਿੰਗਾਪੁਰ ਤਿੰਨ ਮੁਲਕਾਂ ਦੇ ਸੈਰ ਸਪਾਟਾ ਟੂਰ ਉਤੇ। ਪਰ ਤਰਾਸਦੀ ਇਹ ਰਹੀ ਕਿ ਇਹ ਟ੍ਰੈਵਲ ਹਿਸਟਰੀ ਕਿਸੇ ਕੰਮ ਨਾ ਆਈ ਕਿਉਂਕਿ ਬੱਚੇ ਛੋਟੇ ਹੋਣ ਤੇ ਕਬੀਲਦਾਰੀ ਦੇ ਝੰਜਟਾਂ ਵਿਚ ਮੁੜ ਕਿਸੇ ਹੋਰ ਮੁਲਕ ਜਾਣ ਦਾ ਸਬੱਬ ਹੀ ਨਾ ਬਣਿਆ।
ਅਖੀਰ ਕੈਨੇਡਾ ਅਮਰੀਕਾ ਜਾਣ ਦਾ ਇਹ ਸੁਫ਼ਨਾ ਪੂਰੇ ਦੋ ਦਹਾਕੇ ਬਾਅਦ 2019 ਵਿਚ ਉਦੋਂ ਸਾਕਾਰ ਹੋਇਆ ਜਦੋਂ ਪੜ੍ਹਾਈ ਵੀਜੇ 'ਤੇ ਕਨੈਡਾ ਗਏ ਵੱਡੇ ਪੁੱਤ ਕੁਲਤੇਜ ਸਿੰਘ ਨੇ ਆਪਣੇ ਕਾਲਜ ਦੀ ਕਾਨਵੋਕੇਸ਼ਨ ਵਿਚ ਸ਼ਾਮਿਲ ਹੋਣ ਲਈ ਕਾਲਜ ਤੋਂ ਚਿੱਠੀ ਲਿਖਵਾ ਕੇ ਘੱਲੀ। ਕੈਨੇਡਾ ਜਾ ਕੇ ਸੈਰ ਸਪਾਟੇ ਦੇ 'ਮਾਹਰ' ਜਾਣਕਾਰਾਂ ਦੀਆਂ ਸਲਾਹਾਂ ਦੇ ਉਲਟ ਮੈਂ ਅਮਰੀਕਾ ਦੇ ਵੀਜੇ ਲਈ ਇਹ ਸੋਚ ਕੇ ਅਰਜੀ ਲਾ ਦਿੱਤੀ ਕਿ ਪਹਿਲਾਂ ਵੀ ਤਾਂ ਯੂਰਪ ਵਾਲ਼ੇ ਦੋ ਵਾਰ ਰੱਦ ਕਰ ਈ ਚੁੱਕੇ ਹਨ, ਜੇ ਟੰਰਪ ਕੇ ਕਰ ਦੇਣਗੇ ਤਾਂ ਕੀ ਹੈ। ਪਰ ਉਨ੍ਹਾਂ ਦਰਿਆਦਿਲੀ ਵਿਖਾਉਂਦਿਆਂ 10 ਸਾਲ ਦਾ ਵੀਜ਼ਾ ਦੇ ਦਿੱਤਾ ਤੇ ਹਫਤਾ ਭਰ ਕੈਲੇਫੋਰਨੀਆ ਵਾਲ਼ੇ ਮਿੱਤਰਾਂ ਦੀ ਮੇਜ਼ਬਾਨੀ ਦਾ ਵੀ ਆਨੰਦ ਮਾਣਿਆ।
ਹੁਣ ਲੰਘੇ ਦਿਨ ਪੁੱਤ ਕੁਲਤੇਜ ਸਿੰਘ ਦਾ ਵੱਡੇ ਤੜਕੇ ਅੰਮ੍ਰਿਤ ਵੇਲ਼ੇ 3 ਵਜੇ ਫੋਨ ਆਇਆ ਉਸ ਦੀ ਕੈਨੇਡਾ ਦਾ ਪੱਕਾ ਵਸਨੀਕ ਬਣਨ ਲਈ ਪੀ ਆਰ (PR) ਦੀ ਫਾਈਲ ਪ੍ਰਵਾਨ ਹੋ ਗਈ ਹੈ। ਉਸ ਕਾਦਰ ਦਾ ਕੋਟਨਿ ਕੋਟਿ ਸ਼ੁਕਰਾਨਾ ਕਰਦਿਆਂ ਮੇਰੇ ਮਨ ਵਿਚ ਪਿਛਲੇ 20 ਸਾਲਾਂ ਦੌਰਾਨ ਅਮਰੀਕਾ ਕੈਨੇਡਾ ਜਾਣ ਲਈ ਵੇਲੇ ਪਾਪੜਾਂ ਦੀ ਕਹਾਣੀ ਫਿਲਮ ਵਾਂਗ ਮੁੜ ਘੁੰਮ ਗਈ। ਹਾਂ ਸੱਚ ਪ੍ਰਾ ਇਨ੍ਹਾਂ 20 ਸਾਲਾਂ ਦੌਰਾਨ ਪੈਰ ਪੈਰ 'ਤੇ ਜਿਸ ਇਨਸਾਨ ਨੇ ਹਰ ਔਖੇ ਵੇਲ਼ੇ ਮੇਰਾ ਡਟ ਕੇ ਸਾਥ ਦਿੱਤਾ ਉਹ ਹੈ Jasbir Singh Jassal ਜਿਸ ਨੇ ਇਕ ਮਾਰਗਦਰਸ਼ਕ ਤੇ ਦੋਸਤ ਵਾਂਗ ਹਰ ਪੈਰ 'ਤੇ ਅੱਗੇ ਵਧਣ ਵਿਚ ਸਾਥ ਦਿੱਤਾ।
ਪੁੱਤ ਦੀ ਕੈਨੇਡਾ ਵਿਚ ਇਸ ਦੂਜੀ ਤੇ ਜ਼ਿੰਦਗੀ ਦੀ ਅਹਿਮ ਪ੍ਰਾਪਤੀ ਲਈ ਵਾਹਿਗੁਰੂ ਦਾ ਕੋਟਨਿ ਕੋਟਿ ਸ਼ੁਕਰਾਨਾ ਕਿਉਂਕਿ ਮੇਰਾ ਪੱਕਾ ਯਕੀਨ ਹੈ ਕਿ ਉਸ ਦੀ ਕ੍ਰਿਪਾ ਬਿਨਾ ਤੁਹਾਡੀ ਜੀ ਜਾਨ ਨਾਲ਼ ਕੀਤੀ ਮੁਸ਼ੱਕਤ ਅਤੇ ਸਫਲ ਹੋਣ ਲਈ ਲਾਏ ਜੁਗਾੜ ਵੀ ਅਕਸਰ ਕਿਸੇ ਕੰਮ ਨਹੀਂ ਆਉਂਦੇ। (Saturday 9th October 2021 at 10:36 AM)
No comments:
Post a Comment