ਗੁਰਬਚਨ ਸਿੰਘ ਭੁੱਲਰ, ਡਾ. ਸਰਬਜੀਤ ਸਿੰਘ ਅਤੇ ਸੁਸ਼ੀਲ ਦੁਸਾਂਝ ਨੂੰ ਸਨਮਾਨ
ਚੰਡੀਗੜ੍ਹ: 18 ਨਵੰਬਰ 2020:: (ਪੁਸ਼ਪਿੰਦਰ ਕੌਰ ਨੀਲਮ//ਸਾਹਿਤ ਸਕਰੀਨ)::
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਸ਼੍ਰੀ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਵਿਚ ਹੋਈ। ਕੇਂਦਰੀ ਸਭਾ ਦੇ ਪ੍ਰਧਾਨ ਸ਼੍ਰੀ ਦਰਸ਼ਨ ਬੁੱਟਰ ਨੇ ਆਏ ਸਾਹਿਤਕਾਰਾਂ ਦਾ ਸਵਾਗਤ ਕੀਤਾ। ਉਨਾਂ ਕਾਰੋਨਾ ਮਹਾਂਮਾਰੀ ਦੇ ਦੌਰ ਵਿਚ ਵੀ ਲੇਖਕਾਂ ਵੱਲੋਂ ਵਿਸ਼ੇਸ਼ ਤੌਰ ਉਤੇ ਕਿਸਾਨ ਸੰਘਰਸ਼ ਅਤੇ ਅਵਾਮ ਦੇ ਹੱਕਾਂ ਦੀ ਰਾਖੀ ਲਈ ਵੱਖ ਵੱਖ ਸ਼ਹਿਰਾਂ / ਪਿੰਡਾਂ ਵਿਚ ਸੰਘਰਸ਼ ਦਾ ਹਿੱਸਾ ਬਣਨ ਦੀ ਸ਼ਲਾਘਾ ਕੀਤੀ। ਮੀਟਿੰਗ ਦੇ ਅਰੰਭ ਵਿਚ ਪਿਛਲੇ ਸਮੇਂ ਵਿਚ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰਾਂ ਅਤੇ ਮੈਬਰਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਬੁਲਿਟਨ 'ਪੰਜਾਬੀ ਲੇਖਕ ਅੰਕ-93 ਅਤੇ 94' ਲੋਕ-ਅਰਪਣ ਕੀਤਾ ਗਿਆ। ਦੂਜੀ ਆਲਮੀ ਪੰਜਾਬੀ ਕਾਨਫ਼ਰੰਸ ਵਿਚ ਪੇਸ਼ ਹੋਏ ਖੋਜ ਪੱਤਰਾਂ ਅਤੇ ਵਿਚਾਰ-ਚਰਚਾ 'ਤੇ ਅਧਾਰਿਤ ਕੇਂਦਰੀ ਸਭਾ ਨੇ ਜੋ ਵੱਡ ਅਕਾਰੀ ਕਿਤਾਬ 'ਪੰਜਾਬ - ਦ੍ਰਿਸ਼ ਅਤੇ ਦ੍ਰਿਸ਼ਟੀ' ਛਾਪੀ ਗਈ ਅਤੇ ਹਾਜ਼ਰ ਮੈਂਬਰਾਂ ਨੂੰ ਵੰਡੀ ਗਈ। ਮੀਟਿੰਗ ਵਿਚ ਮੌਜੂਦਾ ਹਾਲਾਤ ਵਿਚ ਲੇਖਕਾਂ ਅਤੇ ਚਿੰਤਕਾਂ ਦੀ ਭੂਮਿਕਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਭਵਿੱਖ ਵਿਚ ਕੀਤੇ ਜਾਣ ਵਾਲੇ ਸਮਾਗਮਾਂ ਬਾਰੇ ਵਿਚਾਰ ਚਰਚਾ ਤੋਂ ਬਾਅਦ ਹੇਠ ਲਿਖੇ ਫ਼ੈਸਲੇ ਸਰਬਸੰਮਤੀ ਨਾਲ ਕੀਤੇ ਗਏ:-
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਗਿਆਨੀ ਹੀਰਾ ਸਿੰਘ ਦਰਦ, ਡਾ. ਰਵਿੰਦਰ ਸਿੰਘ ਰਵੀ ਅਤੇ ਡਾ. ਐਸ. ਤਰਸੇਮ ਦੀ ਯਾਦ ਵਿਚ ਦਿੱਤੇ ਜਾਣ ਵਾਲੇ ਸਨਮਾਨ ਇਸ ਵਾਰ ਕ੍ਰਮਵਾਰ ਸ਼੍ਰੀ ਸੁਸ਼ੀਲ ਦੁਸਾਂਝ (ਜਥੇਬੰਦਕ ਕੰਮਾਂ ਲਈ ਪੁਰਸਕਾਰ) , ਡਾ. ਸਰਬਜੀਤ ਸਿੰਘ (ਆਲੋਚਨਾ ਪੁਰਸਕਾਰ) ਅਤੇ ਸ਼੍ਰੀ ਗੁਰਬਚਨ ਸਿੰਘ ਭੁੱਲਰ (ਰਚਨਾਤਮਕ ਪੁਰਸਕਾਰ) ਨੂੰ ਦਿਤੇ ਜਾਣਗੇ।
ਕੇਂਦਰੀ ਸਭਾ ਵਲੋਂ 9 ਜ਼ੋਨਾਂ ਵਿਚ 'ਪੰਜਾਬੀ ਭਾਸ਼ਾ ਚੇਤਨਾ ਕਾਨਫ਼ਰੰਸਾਂ' ਫਰਵਰੀ - ਮਾਰਚ 2021 ਵਿਚ ਕਰਵਾਈਆਂ ਜਾਣਗੀਆਂ। ਜ਼ੋਨਲ ਕਾਨਫਰੰਸਾਂ ਵਿਚ ਡਾ. ਜੋਗਾ ਸਿੰਘ, ਡਾ. ਬੂਟਾ ਸਿੰਘ ਬਰਾੜ, ਡਾ. ਸਰਬਜੀਤ ਸਿੰਘ, ਡਾ. ਪਰਮਜੀਤ ਸਿੰਘ ਢੀਂਗਰਾ, ਡਾ. ਬਲਦੇਵ ਸਿੰਘ ਚੀਮਾ, ਡਾ. ਸੁਖਵਿੰਦਰ ਸਿੰਘ ਸੰਘਾ, ਡਾ. ਸੁਰਜੀਤ ਭੱਟੀ, ਡਾ. ਕਰਮਜੀਤ ਸਿੰਘ, ਡਾ. ਸੁਰਜੀਤ ਸਿੰਘ ਅਤੇ ਡਾ. ਭੀਮ ਇੰਦਰ ਸਿੰਘ ਬੁਲਾਰੇ ਹੋਣਗੇ।
ਕੇਂਦਰੀ ਪੰਜਾਬੀ ਲੇਖਕ ਸਭਾ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਪੈਫ਼ਲਿਟ ਛਾਪੇਗੀ, ਜਿਸ ਨੂੰ ਸਾਰੇ ਪੰਜਾਬ ਵਿਚ ਵੰਡਿਆ ਜਾਵੇਗਾ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਡੇਢ ਸਾਲਾ ਇਜਲਾਸ ਅਪ੍ਰੈਲ 2021 ਵਿਚ ਕੀਤਾ ਜਾਵੇਗਾ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਤੀਜੀ ਆਲਮੀ ਪੰਜਾਬੀ ਕਾਨਫ਼ਰੰਸ ਫਰਵਰੀ 2022 ਵਿਚ ਚੰਡੀਗੜ੍ਹ ਵਿਖੇ ਕੀਤੀ ਜਾਵੇਗੀ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ, ਡਾ. ਹਰਿਭਜਨ ਸਿੰਘ, ਡਾ. ਹਰਨਾਮ ਦਾਸ ਸਹਿਰਾਈ ਨੂੰ ਸਮਰਪਿਤ ਸ਼ਤਾਬਦੀ ਸਮਾਗਮ ਜਾਂ ਵੈਬੀਨਾਰ ਕੀਤੇ ਜਾਣਗੇ। ਬਾਬਾ ਸੋਹਣ ਸਿੰਘ ਭਕਨਾ ਜੀ ਦੇ 150 ਵੇਂ ਜਨਮ ਵਰ੍ਹੇ ਨੂੰ ਸਮਰਪਿਤ ਸੈਮੀਨਾਰ ਬਟਾਲਾ ਵਿਖੇ, ਭਗਤ ਨਾਮਦੇਵ ਜੀ ਦੇ 750 ਵੇਂ ਜਨਮ ਵਰ੍ਹੇ ਨੂੰ ਸਮਰਪਿਤ ਸੈਮੀਨਾਰ ਘੁਮਾਣ (ਗੁਰਦਾਸਪੁਰ) ਵਿਖੇ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਬਾਬਾ ਬਕਾਲਾ ਵਿਖੇ ਕੀਤਾ ਜਾਵੇਗਾ।
ਸਰਵਸੰਮਤੀ ਨਾਲ ਤਿੰਨ ਮਤੇ ਪਾਸ ਕੀਤੇ:-
1) ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੰਜਾਬ ਯੁਨੀਵਰਸਿਟੀ, ਚੰਡੀਗੜ੍ਹ ਦੀ ਸੈਨਿਟ ਦੀ ਚੋਣ ਫੌਰੀ ਤੌਰ ਉਤੇ ਕਰਾਈ ਜਾਵੇ ਤਾਂ ਜੋ ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਦੇ ਲੋਕਤਾਂਤ੍ਰਿਕ ਢਾਂਚੇ ਨੂੰ ਬਹਾਲ ਰੱਖਿਆ ਜਾਵੇ।
2) ਕੇਂਦਰੀ ਸਭਾ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਬਠਿੰਡਾ ਜ਼ਿਲ੍ਹੇ ਦੇ ਲੇਖਕਾਂ ਅਤੇ ਲੋਕ ਹਿਤੈਸ਼ੀ ਕਾਰਕੂਨਾਂ ਨੂੰ ਪੁਲਿਸ ਵੱਲੋਂ ਬੇਲੋੜਾ ਤੰਗ ਪ੍ਰੇਸ਼ਾਨ ਕਰਨਾ ਅਤੇ ਘਰਾਂ ਵਿਚ ਜਬਰੀ ਘੁਸ ਕੇ ਨਿੱਜੀ ਜਾਣਕਾਰੀਆਂ ਇਕੱਤਰ ਕਰਨਾ ਆਦਿ ਫੌਰੀ ਤੌਰ ਤੇ ਬੰਦ ਕੀਤਾ ਜਾਵੇ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਪੁਲਿਸ ਦੀਆਂ ਵਧੀਕੀਆ ਦਾ ਜ਼ੋਰਦਾਰ ਵਿਰੋਧ ਕਰਦੀ ਹੈ।
3) ਕੇਂਦਰੀ ਸਭਾ ਸ਼ਾਹੀਨਬਾਗ ਵਿਚ ਲੰਗਰ ਦੀ ਸੇਵਾ ਕਰਨ ਵਾਲੇ ਪੰਜਾਬੀ ਨੌਜਵਾਨ ਸ਼੍ਰੀ ਲਵਪ੍ਰੀਤ ਸਿੰਘ ਉਤੇ ਯੂ. ਏ. ਪੀ. ਏ ਲਾ ਕੇ ਜੇਲ ਵਿਚ ਡੱਕਣ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕਰਦੀ ਹੈ। ਦਿੱਲੀ ਅਤੇ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਬੇਕਸੂਰ ਨੌਜਵਾਨ ਨੂੰ ਫੌਰੀ ਤੌਰ ਤੇ ਰਿਹਾ ਕਰੇ।
ਮੀਟਿੰਗ ਦੇ ਅੰਤ ਵਿਚ ਕੁਲਦੀਪ ਸਿੰਘ ਬੇਦੀ ਨੇ ਆਏ ਕਾਰਜਕਾਰਨੀ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਸਾਥੀਆਂ ਵੱਲੋਂ ਬਹੁਤ ਮਹੱਤਵਪੂਰਨ ਸੁਝਾਅ ਆਏ ਹਨ। ਹੁਣ ਸਾਰਿਆਂ ਨੂੰ ਬੁਲੰਦ ਇਰਾਦੇ ਨਾਲ ਮਿਥੇ ਹੋਏ ਵੱਡੇ ਕਾਰਜਾਂ ਨੂੰ ਸਫਲ ਕਰਨ ਲਈ ਕੰਮ ਵਿਚ ਜੁਟ ਜਾਣਾ ਚਾਹੀਦਾ ਹੈ।
No comments:
Post a Comment