ਰਾਜਿੰਦਰ ਕੌਰ ਮਾਵੀ ਦੀ ਨਵੀਂ ਪੁਸਤਕ ਮਾਰਕੀਟ ਵਿੱਚ ਹੈ ਪੜ੍ਹੋ ਜ਼ਰੂਰ
ਲੁਧਿਆਣਾ: 11 ਅਗਸਤ 2025: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਡੈਸਕ)::
ਇਸ ਕਿਤਾਬ ਦਾ ਨਾਮ ਪੜ੍ਹ ਕੇ ਜਾਪਦਾ ਹੈ-ਸ਼ਾਇਦ ਇਹ ਕਿਸੇ ਬਗਾਵਤ ਦਾ ਐਲਾਨ ਹੈ। ਉਹ ਬਗਾਵਤ ਜਿਹੜੀ ਅਤੀਤ ਦੇ ਖਿਲਾਫ ਵੀ ਹੈ ਅਤੇ ਵਰਤਮਾਨ ਦੇ ਖਿਲਾਫ ਵੀ। ਪਿਤਰ ਸਤਾ ਦੇ ਖਿਲਾਫ। ਪੁਰਸ਼ ਸੱਤਾ ਦੇ ਖਿਲਾਫ ਬਗਾਵਤ।
ਅਦੂਤੀ ਖੂਬਸੂਰਤੀ ਵਾਲੀ ਇੱਕ ਔਰਤ ਅਹੱਲਿਆ ਦੇ ਜੀਵਨ ਵੱਲ ਇੱਕ ਝਾਤੀ ਮਾਰਨੀ ਆਸਾਨ ਨਹੀਂ ਹੈ। ਕਿਸੇ ਵੀ ਸੰਵੇਦਨਸ਼ੀਲ ਵਿਅਕਤੀ ਦੇ ਮਨ ਵਿੱਚ ਅਹੱਲਿਆ ਦਾ ਜੀਵਨ ਕਈ ਸੁਆਲ ਖੜੇ ਕਰਦਾ ਹੈ। ਗੁੱਸਾ ਵੀ ਆ ਸਕਦਾ ਹੈ ਅਤੇ ਹੰਝੂ ਵੀ ਪਰ ਬਗ਼ਾਵਤ ਤਾਂ ਬੇਹੱਦ ਹਿੰਮਤ ਵਾਲੀ ਗੱਲ ਵੀ ਹੈ। ਸ਼ਾਇਦ ਏਨੀਆਂ ਸਦੀਆਂ ਬਾਅਦ ਇਹ ਬਗਾਵਤ ਅਟੱਲ ਵੀ ਬਣ ਗਈ ਸੀ। ਇਹ ਹੋਣੀ ਹੀ ਸੀ। ਪੁਰਸ਼ ਸੱਤਾ ਦੇ ਪਾਪਾਂ ਦਾ ਘੜਾ ਭਰ ਗਿਆ ਸੀ।
ਅਸਲ ਵਿੱਚ ਹਿੰਦੂ ਧਰਮ ਦੀ ਗੱਲ ਕਰਦਿਆਂ ਬਹੁਤ ਸਾਰੀਆਂ ਇਸਤਰੀਆਂ ਅਜਿਹੀਆਂ ਹਨ ਜਿਹਨਾਂ ਨੂੰ ਮਹਾਂਮਾਨਵ ਦੇ ਦਰਜੇ ਵਾਂਗ ਸੋਚਣਾ, ਸਮਝਣਾ ਅਤੇ ਸੰਬੋਧਨ ਕਰਨਾ ਵੀ ਗਲਤ ਨਹੀਂ ਹੋਵੇਗਾ। ਇਸ ਲਈ ਇਹਨਾਂ ਇਸਤਰੀਆਂ ਨੂੰ ਮਹਾਂਮਾਨਵ ਕਹਿਣਾ ਵੀ ਅਣਉਚਿਤ ਨਹੀਂ ਹੋਵੇਗਾ।
ਉਹ ਸੱਚਮੁੱਚ ਹੋਈਆਂ ਜਾਂ ਸਿਰਫ ਕਿਸੇ ਮਹਾਂਕਾਵਿ ਦੀਆਂ ਪਾਤਰ ਹਨ ਇਸ ਗੱਲ ਨਾਲ ਵੀ ਕੋਈ ਬਹੁਤਾ ਫਰਕ ਨਹੀਂ ਪੈਂਦਾ। ਇਹ ਇਸਤਰੀਆਂ ਆਪਣੀ ਭੂਮਿਕਾ ਨਾਲ ਹਰ ਯੁਗ ਦੇ ਹਰ ਨਾਇਕ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ ਅਤੇ ਖਲਨਾਇਕ ਨੂੰ ਵੀ। ਇਹ ਪੁੱਛਣਾ ਕਿ ਇਹ ਗੱਲ ਸੱਚ ਕਿਵੇਂ ਹੋ ਸਕਦੀ ਹੈ ਅਸਲ ਵਿੱਚ ਇਹ ਸੁਆਲ ਹੀ ਫਿਜ਼ੂਲ ਹੈ ਜੇਕਰ ਤੁਸੀਂ ਉਸ ਕਥਾ//ਕਹਾਣੀ ਜਾਂ ਦਾਸਤਾਨ ਵਿਚਲੇ ਸੁਨੇਹੇ ਨੂੰ ਨਾ ਸਮਝੋ ਤਾਂ ਫਿਰ ਤੁਸੀਂ ਖੁੰਝ ਗਏ। ਇਹਨਾਂ ਕਹਾਣੀਆਂ ਦੇ ਸੁਨੇਹੇ ਦੀ ਗੱਲ ਬਹੁਤ ਵੱਡੀ ਨਿਕਲਦੀ ਹੈ। ਭਾਵੇਂ ਸੀਤਾ ਮਾਤਾ ਦੀ ਗੱਲ ਹੋਵੇ, ਭਾਵੇਂ ਦਰੋਪਦੀ ਦੀ ਗੱਲ ਕੀਤੀ ਜਾਵੇ ਅਤੇ ਭਾਵੇਂ ਅਹੱਲਿਆ ਦੀ। ਇਹਨਾਂ ਦੇ ਤਾਂ ਅਸਲ ਵਿੱਚ ਵੱਖਰੇ ਅਤੇ ਉਚੇਚੇ ਮੰਦਰ ਬਣਨੇ ਚਾਹੀਦੇ ਹਨ।
ਉਹ ਯੁਗ ਕਿੰਨਾ ਕੁ "ਸੁਨਹਿਰੀ ਜਾਂ ਮਹਾਨ" ਸੀ ਇਸਦਾ ਪਤਾ ਉਹਨਾਂ ਮਹਾਨ ਇਸਤਰੀਆਂ ਨਾਲ ਹੋਏ ਉਸ ਸਮੇਂ ਹੋਏ ਸਲੂਕ ਤੋਂ ਲੱਗ ਜਾਂਦਾ ਹੈ। ਬ੍ਰਹਮਾ ਜੀ ਦੀ ਮਾਨਸ ਪੁੱਤਰੀ ਸੀ ਅਹੱਲਿਆ ਅਤੇ ਖ਼ੂਬਸੂਰਤੀ ਵੀ ਲੋਹੜੇ ਦੀ ਸੀ ਉਸ ਕੋਲ। ਪਿਤਾ ਖੁਦ ਬ੍ਰਹਮਾ ਸੀ। ਇੱਕ ਤਰ੍ਹਾਂ ਨਾਲ ਭਗਵਾਨ ਹੀ ਸੀ। ਪਰ ਉਸ ਅਹੱਲਿਆ ਦਾ ਵਿਆਹ ਕਰ ਦਿੱਤਾ ਗਿਆ ਉਸ ਤੋਂ ਉਮਰ ਵਿੱਚ ਕਿਤੇ ਵੱਡੀ ਉਮਰ ਵਾਲੇ ਗੌਤਮ ਰਿਸ਼ੀ ਨਾਲ। ਕੀ ਇਹੀ ਸੀ ਉਸ ਵੇਲੇ ਵੀ ਔਰਤਾਂ ਨਾਲ ਇਨਸਾਫ ਅਤੇ ਬਰਾਬਰੀ?
ਇੱਕ ਕਹਿੰਦੇ ਕਹਾਉਂਦੇ ਸ਼ਕਤੀਸ਼ਾਲੀ ਤਪੱਸਵੀ ਰਿਸ਼ੀ ਨਾਲ ਅਹੱਲਿਆ ਦਾ ਵਿਆਹ ਕਰਕੇ ਸ਼ਾਇਦ ਇੱਕ ਪਿਤਾ ਬ੍ਰਹਮਾ ਨੂੰ ਚੈਨ ਨਾਲ ਨੀਂਦ ਆ ਗਈ ਹੋਵੇ। ਲੱਗਦਾ ਹੈ ਉਸ ਵੇਲੇ ਵੀ ਖੂਬਸੂਰਤ ਲੜਕੀਆਂ ਜਾਂ ਮਹਿਲਾਵਾਂ ਸੁਰਖਿਅਤ ਨਹੀਂ ਸਨ। ਕੰਨਿਆ ਦਾਨ ਤੋਂ ਬਾਅਦ ਸ਼ਾਇਦ ਤਾਂ ਹੀ ਬਹੁਤੇ ਲੋਕ ਸੁਰਖੁਰੂ ਹੋਇਆ ਮਹਿਸੂਸ ਕਰਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਹੁਣ ਸਾਡੇ ਵੱਲੋਂ ਧੀ ਧਿਆਣੀ ਦੀ ਚਿੰਤਾ ਮੁੱਕ ਗਈ--ਹੁਣ ਉਹ ਬਸ "ਆਪਣੇ ਘਰ ਸੁਖੀ ਵੱਸੇ"।
ਅਹੱਲਿਆ ਵੀ "ਆਪਣੇ ਘਰ" ਪਹੁੰਚ ਗਈ ਸੀ। ਉਸਦੇ ਸ਼ੁਭਚਿੰਤਕਾਂ ਨੇ ਵੀ ਉਸਦੇ ਸੁਖੀ ਵੱਸਣ ਦੀ ਕਾਮਨਾ ਕੀਤੀ ਹੀ ਹੋਣੀ ਹੈ। ਪਰ ਇੰਦਰ ਨੂੰ ਚੈਨ ਕਿੱਥੇ ਸੀ। ਉਹ ਤਾਂ ਹਰ ਹੀਲੇ ਉਸਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ। ਹੁੱਕ ਬਾਈ ਕਰੁੱਕ। ਅੱਜ ਵੀ ਅਜਿਹਾ ਕੁਝ ਬਹੁਤ ਹੁੰਦਾ ਹੈ। ਐਂਵੇਂ ਨਾ ਨਿੰਦੀ ਜਾਓ ਕਿ ਹੁਣ ਸਮਾਂ ਬੜਾ ਖਰਾਬ ਆ ਗਿਆ ਹੈ। ਇਸ ਮਾੜੇ ਸਮੇਂ ਵਾਲੇ ਰੀਤੀ ਰਿਵਾਜਾਂ ਦੀ ਸ਼ੁਰੂਆਤ ਅਹੱਲਿਆ ਵੇਲੇ ਹੀ ਹੋ ਚੁੱਕੀ ਸੀ। ਉਦੋਂ ਵੀ ਸਮਾਂ ਘੱਟ ਮਾੜਾ ਨਹੀਂ ਸੀ।
ਦੇਵਰਾਜ ਇੰਦਰ ਅਰਥਾਤ ਦੇਵਤਿਆਂ ਦੇ ਰਾਜੇ ਇੰਦਰ ਨੇ ਇਸ ਨਿਘਾਰ ਲਈ ਬਾਕਾਇਦਾ ਇੱਕ ਖਤਰਨਾਕ ਯੋਜਨਾ ਬਣਾਈ। ਉਸਨੇ ਗੌਤਮ ਰਿਸ਼ੀ ਦਾ ਰੂਪ ਧਾਰਨ ਕੀਤਾ ਅਤੇ ਜਾ ਪਹੁੰਚਿਆ ਅਹੱਲਿਆ ਦੀ ਕੁਟੀਆ ਵਿੱਚ। ਚੰਦਰਮਾ ਨੂੰ ਵੀ ਇਸ ਸਾਜ਼ਿਸ਼ ਵਿੱਚ ਭਾਈਵਾਲ ਬਣਾਇਆ ਕਿ ਤੂੰ ਨਿਸਚਿਤ ਸਮੇਂ ਤੋਂ ਪਹਿਲਾਂ ਚੜ੍ਹੀਂ। ਇਸਦੇ ਨਾਲ ਹੀ ਮੁਰਗੇ ਨੂੰ ਵੀ ਇਸ ਸਾਜ਼ਿਸ਼ ਵਿੱਚ ਸ਼ਾਮਿਲ ਕੀਤਾ ਕਿ ਤੂੰ ਸਮੇਂ ਤੋਂ ਪਹਿਲਾਂ ਬਾਂਗ ਦੇ ਦੇਵੀਂ।
ਇਹ ਤਾਂ ਭਲਾ ਹੋਵੇ ਮਾਂ ਗੰਗਾ ਨਦੀ ਦਾ ਜਿਸਨੇ ਸ਼ਰਧਾ ਦੀ ਡੁਬਕੀ ਲਾਉਣ ਆਏ ਗੌਤਮ ਰਿਸ਼ੀ ਨੂੰ ਸੁਚੇਤ ਕੀਤਾ ਕਿ ਜਾਹ ਪਹਿਲਾਂ ਘਰ ਜਾ ਕੇ "ਆਪਣਾ ਘਰ ਸੰਭਾਲ'। ਜਦੋਂ ਗੌਤਮ ਰਿਸ਼ੀ ਘਰ ਪੁੱਜੇ ਤਾਂ ਭਾਣਾ ਵਾਪਰ ਚੁੱਕਿਆ ਸੀ। ਵੈਸੇ ਸੁਆਲ ਤਾਂ ਉੱਠਦਾ ਹੈ ਕਿ ਜੇਕਰ ਮਾਂ ਗੰਗਾਂ ਨਦੀ ਨੂੰ ਸਾਜ਼ਿਸ਼ੀ ਸਿਲਸਿਲੇ ਦਾ ਪਤਾ ਲੱਗ ਗਿਆ ਸੀ ਤਾਂ ਏਨੇ ਵੱਡੇ ਤਪੱਸਵੀ ਗੌਤਮ ਰਿਸ਼ੀ ਨੂੰ ਇਸਦਾ ਕਿਓਂ ਨਾ ਅਹਿਸਾਸ ਹੋਇਆ। ਵੈਸੇ ਆਮ ਇਨਸਾਨ ਦੀ ਨੀਂਦ ਵੀ ਜੇਕਰ ਸਮੇਂ ਤੋਂ ਪਹਿਲਾਂ ਖੁੱਲ੍ਹ ਜਾਵੇ ਤਾਂ ਉਸਨੂੰ ਮਹਿਸੂਸ ਹੋਣ ਲੱਗਦਾ ਹੈ ਕੁਝ ਤਾਂ ਗੜਬੜ ਹੈ।
ਖੈਰ ਇਹ ਸਾਰੀ ਕਹਾਣੀ ਅੱਗੇ ਤੁਰਦੀ ਹੈ ਅਤੇ ਰਿਸ਼ੀ ਗੌਤਮ ਸਭ ਕੁਝ ਦੇਖਣ ਮਗਰੋਂ ਦੇਵ ਰਾਜ ਇੰਦਰ ਨੂੰ ਵੀ ਸਰਾਪ ਦੇਂਦੇ ਹਨ, ਚੰਦਰਮਾ ਨੂੰ ਵੀ, ਮੁਰਗੇ ਨੂੰ ਵੀ ਅਤੇ ਆਪਣੀ ਪਤਨੀ ਅਹੱਲਿਆ ਨੂੰ ਵੀ। ਅਹੱਲਿਆ ਨੂੰ ਦਿੱਤਾ ਗਿਆ ਸਰਾਪ ਸ਼ਾਇਦ ਸਭ ਤੋਂ ਸਖਤ ਸੀ ਕਿ ਜਾ ਤੂੰ ਪੱਥਰ ਹੋ ਜਾ। ਅਹੱਲਿਆ ਦੀਆਂ ਅਰਜੋਈਆਂ ਸੁਣ ਕੇ ਗੌਤਮ ਰਿਸ਼ੀ ਉਸ ਸਰਾਪ ਨੂੰ ਥੋਹੜਾ ਜਿਹਾ ਨਰਮ ਕਰਦੇ ਹਨ ਕਿ ਜਦੋਂ ਭਗਵਵਨ ਵਿਸ਼ਨੂੰ ਰਾਮ ਦੇ ਅਵਤਾਰ ਵਿੱਚ ਧਰਤੀ ਤੇ ਆਉਣਗੇ ਤਾਂ ਉਹਨਾਂ ਦੇ ਚਰਨਾਂ ਦੀ ਛੋਹ ਨਾਲ ਤੇਰੀ ਇਸ ਪੱਥਰ ਜੂਨ ਵਰਗੀ ਜ਼ਿੰਦਗੀ ਤੋਂ ਮੁਕਤੀ ਹੋਏਗੀ। ਤ੍ਰੇਤਾ ਯੁਗ ਅਜੇ ਦੂਰ ਸੀ ਇਸ ਲਈ ਉਸਨੂੰ ਦੁਆਪਰ ਯੁਗ ਤੋਂ ਪਹਿਲਾਂ ਲਿਆਂਦਾ ਗਿਆ। ਸ਼ਾਇਦ ਇਹ ਅਹੱਲਿਆ ਪ੍ਰਤੀ ਇੱਕ ਖਾਸ ਨਰਮੀ ਸੀ। ਉਹ ਅਹੱਲਿਆ ਜਿਸਦੇ ਪਿਤਾ ਖੁਦ ਬ੍ਰਹਮਾ ਸਨ ਉਹ ਪੱਥਰ ਹੋ ਜਾਂਦੀ ਹੈ।
ਵੈਸੇ ਹੁਣ ਵੀ ਬਹੁਗਿਣਤੀ ਔਰਤਾਂ ਵਿਆਹ ਤੋਂ ਬਾਅਦ ਆਪਣੇ ਸਾਰੇ ਚਾਅ, ਉਮਾਹ ਅਤੇ ਉਤਸ਼ਾਹ ਅਤੇ ਇੱਛਾਵਾਂ ਨੂੰ ਖੁਦ ਹੀ ਕਤਲ ਕਰਕੇ ਉਹੀ ਜ਼ਿੰਦਗੀ ਜਿਊਣ ਲੱਗਦੀਆਂ ਹਨ ਜਿਹੜੀ ਜ਼ਿੰਦਗੀ ਸਹੁਰਾ ਪਰਿਵਾਰ ਚਾਹੁੰਦਾ ਹੋਵੇ। ਬਹੁਤ ਸਾਰੀਆਂ ਕੁੜੀਆਂ ਇਸ ਕਰਕੇ ਵੀ ਵਿਆਹ ਨਹੀਂ ਕਰਵਾਉਂਦੀਆਂ। ਕੋਈ ਵਿਰਲੀ ਟਾਂਵੀ ਔਰਤ ਹੀ ਹੁੰਦੀ ਹੈ ਜਿਸਨੂੰ ਭਗਵਾਨ ਰਾਮ ਵਰਗਾ ਵਿਅਕਤੀ ਹਮਸਫਰ ਬਣ ਕੇ ਮਿਲ ਜਾਂਦਾ ਹੈ ਅਤੇ ਉਹਨਾਂ ਦੀਆਂ ਦੱਬੀਆਂ ਕੁਚਲੀਆਂ ਇੱਛਾਵਾਂ ਫਿਰ ਜਨਮ ਲੈਣ ਲੱਗਦੀਆਂ ਹਨ। ਵੈਸੇ ਕਿੰਨੀਆਂ ਕੁ ਕੁੜੀਆਂ ਹਨ ਜਿਹਨਾਂ ਵਿਸ਼ੇਸ਼ ਖੇਤਰ ਵਿੱਚ ਮੁਕੰਮਲ ਪੜ੍ਹਾਈ ਕਰਕੇ ਉਸਨੂੰ ਕੈਰੀਅਰ ਦੀ ਸਫਲਤਾ ਤੱਕ ਪਹੁੰਚਾਇਆ ਹੋਵੇ? ਬਹੁਤੀਆਂ ਦੀ ਸਫਲ ਪੜ੍ਹਾਈ ਅਤੇ ਕੈਰੀਅਰ ਵਿਆਹ ਮਗਰੋਂ ਵਿੱਚੇ ਹੀ ਛੁੱਟ ਜਾਂਦਾ ਹੈ।
ਰਾਜਿੰਦਰ ਕੌਰ ਮਾਵੀ ਨਾਲ ਨਿਸਚੇ ਹੀ ਉਸਦੇ ਪੂਰਬਲੇ ਜਨਮਾਂ ਦੇ ਚੰਗੇ ਕੰਮ ਵੀ ਸਾਹਮਣੇ ਆਏ ਹਨ। ਉਸ ਦੀ ਕਲਮ ਕਵਿਤਾ ਨਾਲ ਬਹੁਤ ਚੰਗੀ ਦੋਸਤੀ ਨਿਭਾਉਂਦੀ ਹੈ। ਕਿਤਾਬ ਕੀ ਹੈ, ਇਹਨਾਂ ਨਵੀਆਂ ਕਵਿਤਾਵਾਂ ਵਿੱਚ ਕੀ ਹੈ ਇਸ ਬਾਰੇ ਗੱਲ ਪਹਿਲਾਂ ਵੀ ਕੀਤੀ ਜਾ ਸਕਦੀ ਹੈ ਪਰ ਅਸੂਲੀ ਤੌਰ 'ਤੇ ਕਰਾਂਗੇ ਇਸ ਦੇ ਰਸਮੀ ਲੋਕ ਅਰਪਣ ਤੋਂ ਬਾਅਦ। ਉਸਦੀ ਕਵਿਤਾ ਉਸਦੀ ਸ਼ਖ਼ਸੀਅਤ ਵਿੱਚ ਵੀ ਸ਼ਾਮਲ ਹੈ। ਅਦਬ ਉਸਦੇ ਲਹਿਜ਼ੇ ਅਤੇ ਬੋਲਾਂ ਤੋਂ ਅਕਸਰ ਪ੍ਰਗਟ ਹੁੰਦਾ ਹੈ।
--ਰੈਕਟਰ ਕਥੂਰੀਆ