google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: March 2021

Wednesday, 17 March 2021

ਹਲੂਣਾ ਦੇਂਦੀ ਕਾਵਿ ਰਚਨਾ//ਕਮਲਗੀਤ ਸਰਹਿੰਦ

...ਆਪਣਾ ਮੂਲ ਪਛਾਣ ਦਾ ਸੱਦਾ ਦੇਂਦੀ ਪੋਸਟ 

ਸਰਕਾਰੀ ਸਕੂਲਾਂ ਅਤੇ ਕਾਲਜਾਂ ਨੇ ਸਮਾਜ ਨੂੰ ਵਿੱਦਿਆ ਦੇ ਚਾਨਣ ਨਸਲ ਰੁਸ਼ਨਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਗਿਆਨ ਦੀ ਇਸ ਰੌਸ਼ਣੀ ਨੇ ਸਿਆਸੀ ਚੇਤਨਾ ਵੀ ਦਿੱਤੀ ਅਤੇ ਅਧਿਕਾਰਾਂ ਦੀ ਰਾਖੀ ਬਾਰੇ ਵੀ ਚੇਤੰਨ ਕੀਤਾ। ਇਸ ਨਵੀਂ ਸੋਚ ਦੇ ਵਿਰੋਧੀਆਂ ਨੇ ਸਿੱਖਿਆ ਤੇ ਜਿਹੜੇ ਸੂਖਮ ਹਮਲੇ ਸ਼ੁਰੂ ਕੀਤੇ ਉਹਨਾਂ ਨੇ ਸਰਕਾਰੀ ਅਦਾਰਿਆਂ ਵਾਲੀ ਸਿੱਖਿਆ ਨੂੰ ਛੁੱਟਿਆਉਣ ਅਤੇ ਹੋਲੀ ਹੋਲੀ ਮੁਕੰਮਲ ਖਾਤਮੇ ਦੀਆਂ ਸਾਜ਼ਿਸ਼ਾਂ ਬਹੁਤ ਪਹਿਲਾਂ ਆਰੰਭ ਦਿੱਤੀਆਂ ਸਨ। ਇਸ ਸਭ ਕੁਝ ਤੋਂ ਅੱਖਾਂ ਮੀਚੀ ਬੈਠੇ ਵਿਦਵਾਨ ਜਾਂ ਤਾਂ ਸਿਰਫ ਛੋਟੇ ਛੋਟੇ ਸੈਮੀਨਾਰਾਂ ਤੱਕ ਸੀਮਤ ਕੇ ਰਹਿਣਗੇ ਤੇ ਜਾਂ ਫਿਰ ਸਿਆਸੀ ਝੰਡਿਆਂ ਵਾਲੀ ਨਾਅਰੇਬਾਜ਼ੀ ਵਿਚ ਗੁਆਚ ਗਏ। ਹੁਣ ਜਦੋਂ ਕਿ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਦਾ ਕੰਮ ਤੂਫ਼ਾਨੀ ਰਫਤਾਰ ਨਾਲ ਸ਼ੁਰੂ ਹੈ ਉਦੋਂ ਡੂੰਘੀ ਨਿਰਾਸ਼ਾ ਦੇ ਹਨੇਰੇ ਵਿੱਚ ਕਮਲਜੀਤ ਹੁਰਾਂ ਦੀ ਇਹ ਰਚਨਾ ਇੱਕ ਨਵਾਂ ਹੌਂਸਲਾ ਲੈ ਕੇ ਆਈ ਹੈ। ਪੜ੍ਹੋ ਤੋਂ ਆਪਣੇ ਆਪ ਨੂੰ ਆਪੋ ਆਪਣੇ ਕਨਫਰਟ ਜ਼ੋਨ ਵਿੱਚੋਂ ਬਾਹਰ ਆ  ਕੇ ਸੰਘਰਸ਼ਾਂ ਦੇ ਰਾਹ ਪਵੋ। ਇਸ ਲਈ ਜ਼ਰੂਰੀ ਹੈ ਆਪਣੀਆਂ ਪ੍ਰਾਪਤੀਆਂ ਨੂੰ ਦੇਖੋ, ਉਜਾਗਰ ਕਰੋ ਅਤੇ ਇਹਨਾਂ ਤੇ ਮਾਣ ਵੀ ਕਰੋ। ਸ਼ਾਇਦ ਇਹ ਸੁਨੇਹਾ ਦੇ ਰਹੀ ਕਮਲਜੀਤ ਹੁਰਾਂ ਦੀ ਇਹ ਰਚਨਾ: ਜੇਕਰ ਤੁਸੀਂ ਅਧਿਆਪਕ ਹੋ ਤਾਂ....

ਜੇਕਰ ਤੁਸੀਂ ਅਧਿਆਪਕ ਹੋ ਤਾਂ//ਕਮਲਗੀਤ ਕੌਰ 

ਸੁੱਚੇ ਪਾਣੀ ਦਾ ਛਿੱਟਾ ਦੇ ਕੇ

ਆਪਣੇ ਆਪ ਨੂੰ ਇਸ ਭਰਮ ਤੋਂ

ਮੁਕਤ ਕਰ ਲਵੋ ਕਿ

ਸਰਕਾਰੀ ਸਕੂਲਾਂ ਦੇ ਵਿਦਿਆਰਥੀ

ਪ੍ਰਾਈਵੇਟ ਦੁਕਾਨਾਂ ਵਾਲੇ

ਸੋ ਕਾਲਡ ਸਟੂਡੈਂਟਸ ਦਾ 

ਮੁਕਾਬਲਾ ਨਹੀਂ ਕਰ ਸਕਦੇ

ਕਦੇ ਚੇਤੇ ਕਰਿਓ ਕਿ

ਥੋਡੇ ਏਸੇ 

ਸਰਕਾਰੀ ਸਕੂਲ 'ਚ ਪੜ੍ਹਿਆ ਨੰਬਰਦਾਰਾਂ ਦਾ ਕੈਲਾ

ਹੁਣ ਜ਼ਿਲ੍ਹੇ ਦਾ ਡੀ.ਸੀ. ਲੱਗਿਆ ਹੋਇਆ

ਜੇ ਤੁਸੀਂ ਅਧਿਆਪਕ ਹੋ ਤਾਂ

ਗੁੱਗਲ ਦੀ ਧੂਣੀ ਤੋਂ ਧੂਫ਼ ਦੇ ਕੇ

ਏਸ ਵਹਿਮ ਨੂੰ ਵੀ ਸਾੜ ਸੁੱਟੋ

ਕਿ ਗਰੀਬਾਂ ਦੇ ਨਿਆਣਿਆਂ ਦਾ

ਮੈਂਟਲ ਲੈਵਲ ਅਮੀਰਾਂ ਤੋਂ ਘੱਟ ਹੁੰਦਾ

ਕਦੇ ਗਹੁ ਨਾਲ 

ਆਪਣੇ ਆਸੇ-ਪਾਸੇ 

ਨਿਗਾਹ ਮਾਰ ਕੇ ਦੇਖਿਓ

ਮਿੱਟੀ 'ਚੋਂ ਨਿੱਤਰੇ

ਇਨ੍ਹਾਂ ਅਣਗਿਣਤ 

ਹੀਰਿਆਂ ਦੀ ਲਿਸ਼ਕ

ਤੁਹਾਡੀਆਂ ਅੱਖਾਂ 

ਚੁੰਧਿਆ ਦੇਵੇਗੀ

ਜੇਕਰ ਤੁਸੀਂ ਅਧਿਆਪਕ ਹੋ ਤਾਂ

ਕਦੇ ਆਪਣੀਆਂ 

ਅਰਾਮ ਕੁਰਸੀਆਂ ਤੋਂ ਉੱਠ ਕੇ 

ਜਮਾਤ ਵਿੱਚ ਘੁੰਮ ਕੇ 

ਬੱਚਿਆਂ ਨੂੰ ਆਪਣੇ ਕਲਾਵੇ ਵਿੱਚ ਲੈ

ਉਨ੍ਹਾਂ ਦਾ ਹਾਲ ਪੁੱਛਿਓ

ਸ਼ਾਇਦ ਤੁਸੀਂ ਫ਼ੇਰ ਜਾਣ ਸਕੋਗੇ

ਕਿ ਉਨ੍ਹਾਂ ਵਿਚੋਂ ਬਹੁਤਿਆਂ ਨੂੰ

ਨਾਸ਼ਤੇ ਦੇ ਅਰਥ

ਸਮਝ ਨਹੀਂ ਆਉਣਗੇ

ਸ਼ਾਇਦ ਫ਼ੇਰ ਤੁਸੀਂ ਸਮਝ ਸਕੋਗੇ

ਕਿ ਜ਼ਿਆਦਾਤਰ ਬਾਲਾਂ ਨੂੰ

ਸਕੂਲ ਤੋਂ ਪਰਤਣ ਮਗਰੋਂ 

ਚਾਹ, ਰੋਟੀ 

ਤੇ ਸਕੂਲ ਤੋਂ ਮਿਲਿਆ ਹੋਇਆ ਹੋਮਵਰਕ ਪੁੱਛਣ ਲਈ

ਉਨ੍ਹਾਂ ਦੀ ਮਾਂ ਹਾਜਰ ਨਹੀਂ ਹੁੰਦੀ

ਫ਼ੇਰ ਤੁਹਾਡਾ ਉਨ੍ਹਾਂ ਲਈ ਨਜ਼ਰੀਆ

ਯਕੀਨਨ ਹੋਰ ਹੋਵੇਗਾ

ਜੇਕਰ ਤੁਸੀਂ ਅਧਿਆਪਕ ਹੋ ਤਾਂ

ਆਪਣੇ ਵਿਦਿਆਰਥੀਆਂ ਨੂੰ

ਉਹ ਮਿਹਨਤ ਅਤੇ ਲਗਨ ਨਾਲ

ਵਿੱਦਿਆ ਦਿਓ

ਜਿਵੇਂ ਦੀ ਕਿ ਤੁਸੀਂ

ਆਪਣੇ ਖ਼ੁਦ ਦੇ 

ਬੱਚਿਆਂ ਦੇ ਅਧਿਆਪਕਾਂ ਤੋਂ 

ਉਨ੍ਹਾਂ ਲਈ ਉਮੀਦ ਕਰਦੇ ਹੋ

ਯਕੀਨ ਕਰਿਓ

ਜਦੋਂ ਤੁਸੀਂ

ਆਪਣੇ ਵਿਦਿਆਰਥੀਆਂ ਦੀ

ਆਪਣੇ ਬੱਚਿਆਂ ਵਾਂਗ

ਤਨੋਂ ਮਨੋਂ ਧਨੋਂ 

ਸੇਵਾ ਵਿੱਚ ਜੁੱਟ ਜਾਓਗੇ

ਤੁਹਾਡੇ ਆਪਣੇ ਬੱਚੇ

ਖ਼ੁਦ-ਬ-ਖ਼ੁਦ ਪੜ੍ਹ ਜਾਣਗੇ

ਜੇਕਰ ਤੁਸੀਂ ਅਧਿਆਪਕ ਹੋ ਤਾਂ

ਜਮਾਤ ਵਿੱਚ ਬਹਿ ਕੇ

ਦੀਵਾਰ ਘੜੀਆਂ ਵੱਲ 

ਵਾਰ ਵਾਰ ਝਾਤ ਛੱਡ ਦਿਓ

ਛੱਡ ਦਿਓ

ਬੱਚਿਆਂ ਦੇ ਬੇਸ਼ਕੀਮਤੀ

ਭਵਿੱਖ ਨਾਲ ਖਿਲਵਾੜ੍ਹ ਕਰਨਾ

ਵਟਸਐਪ, ਫ਼ੇਸਬੁੱਕ 

ਤੇ ਹੋਰ ਪਤਾ ਨੀ ਕੀ-ਕੀ

ਸ਼ੋਸ਼ਲ ਮੀਡੀਆ ਤੇ 

ਵਕਤ ਬਰਬਾਦ ਕਰਨਾ

ਸਕੂਲਾਂ ਵਿੱਚ ਬਹਿ ਕੇ ਪਾਠ ਕਰਨਾ

ਰੱਬ ਸਭ ਜਾਣਦਾ ਹੈ

ਤੁਸੀਂ ਬੱਚਿਆਂ ਦਾ ਸਮਾਂ

ਖਰਚ ਰਹੇ ਹੋ

ਕੰਮ ਹੀ ਅਜਿਹੇ ਢੰਗ ਨਾਲ਼ ਕਰੋ

ਕਿ ਤੁਹਾਡੀ ਪੂਜਾ 

ਕੰਮ ਵਿੱਚ ਹੀ ਹੋ ਜਾਏ

ਜੇਕਰ ਤੁਸੀਂ ਅਧਿਆਪਕ ਹੋ 

ਤਾਂ ਆਪਣੇ ਜ਼ਮੀਰ ਦੀ 

ਆਵਾਜ਼ ਸੁਣਦੇ ਹੋਏ

ਆਪਣੇ-ਆਪ ਨੂੰ 

ਆਪਣੇ ਵਿਦਿਆਰਥੀਆਂ ਪ੍ਰਤੀ

ਸਮਰਪਿਤ ਕਰ ਦਿਓ

ਅੱਜ ਹੀ ਅਹਿਦ ਲਵੋ

ਇਹਨਾਂ ਰੱਬ ਆਸਰਿਆਂ ਨੂੰ

ਮੰਜ਼ਿਲਾਂ ਤੱਕ ਪਹੁੰਚਾਉਣ ਦਾ

ਜੇਕਰ ਜ਼ਿਆਦਾ ਨਹੀਂ

ਤਾਂ ਆਪਣੇ ਹਿੱਸੇ ਦੀ ਕੋਸ਼ਿਸ਼

ਹਰ ਹਾਲ 'ਚ ਕਰੋ

ਆਖ਼ਿਰ...

ਤੁਸੀਂ ਅਧਿਆਪਕ ਹੋ

ਕੌਮ ਦੇ ਰਚਣਹਾਰੇ

ਭੀੜ ਨਹੀਂ ਹੋ ਤੁਸੀਂ

ਜੇਕਰ ਤੁਹਾਡੇ ਯਤਨਾਂ ਨਾਲ

ਕੋਈ ਇੱਕ ਵੀ ਸਿਤਾਰਾ ਬਣਿਆ

ਤਾਂ ਤੁਸੀਂ ਸਹੀ ਅਰਥਾਂ ਵਿੱਚ

ਅਧਿਆਪਕ ਕਹਾ ਸਕਦੇ ਓ

ਨਹੀਂ ਤਾਂ ਫ਼ੇਰ...

*ਕਮਲਗੀਤ ਸਰਹਿੰਦ

ਮੋਬਾਈਲ ਸੰਪਰਕ ਨੰਬਰ:+919914883112

      ਪ੍ਰਿੰਸੀਪਲ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਜਰੀ,

            ਫਤਿਹਗੜ੍ਹ ਸਾਹਿਬ।

         

Saturday, 13 March 2021

ਹਰਭਜਨ ਹਲਵਾਰਵੀ ਪੁਰਸਕਾਰ ਸਮਾਗਮ ਹੋਇਆ ਹਲਵਾਰਾ ਵਿਖੇ

ਡਾ. ਅਰਵਿੰਦਰ ਕੌਰ ਕਾਕੜਾ ਤੇ ਹੰਸਾ ਸਿੰਘ ਬਿਆਸ ਸਨਮਾਨਿਤ ਕੀਤੇ ਗਏ

ਕਿਸਾਨ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ ਵਿੱਚ 14 ਸਿਰਕੱਢ ਕਵੀਆਂ ਨੇ ਭਾਗ ਲਿਆ


ਲੁਧਿਆਣਾ: 13 ਮਾਰਚ 2021: (ਸਾਹਿਤ ਸਕਰੀਨ ਬਿਊਰੋ)

ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਟਰਸਟ ਹਲਵਾਰਾ ਵੱਲੋਂ ਚੌਥਾ ਹਰਭਜਨ ਹਲਵਾਰਵੀ ਪੁਰਸਕਾਰ ਤੇ ਕਵੀ ਦਰਬਾਰ ਸਮਾਗਮ ਅੱਜ ਗੁਰੂ ਰਾਮ ਦਾਸ ਕਾਲਿਜ ਪੱਖੋਵਾਲ ਰੋਡ ਹਲਵਾਰਾ (ਲੁਧਿਆਣਾ) ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਕੀਤੀ। 

ਇਹ ਟਰਸਟ ਆਸਟਰੇਲੀਆ ਵੱਸਦੇ ਸਭਿਆਚਾਰਕ ਕਾਮੇ ਸ: ਦਲਬੀਰ ਸਿੰਘ ਹਲਵਾਰਵੀ ਪਰਿਵਾਰ ਵੱਲੋਂ ਸਥਾਪਿਤ ਇਸ ਟਰਸਟ ਵੱਲੋਂ ਇਹ ਸਮਾਗਮ ਕਿਰਤੀ ਕਿਸਾਨ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ। 

ਟਰਸਟ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਮੁੱਖ ਮਹਿਮਾਨ , ਲੇਖਕਾਂ ਤੇ ਇਲਾਕੇ ਦੇ ਸਿਰਕੱਢ ਵਿਅਕਤੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਲਵਾਰਾ ਨੂੰ ਕੌਮੀ ਪੱਧਰ ਤੇ ਸਭਿਆਚਾਰਕ ਕੇਂਦਰ ਵਜੋਂ ਵਿਕਸਤ ਕਰਨ ਵਿੱਚ ਇਹ ਸਮਾਗਮ ਮੂਲ ਆਧਾਰ ਬਣੇਗਾ। ਉਨ੍ਹਾਂ ਕਿਸਾਨੀ ਸੰਕਟ ਬਾਰੇ ਮੁੱਖ ਬੁਲਾਰੇ ਡਾ. ਸੁਖਪਾਲ ਸਿੰਘ ਸਾਬਕਾ ਪ੍ਰੋਫੈਸਰ ਤੇ ਮੁਖੀ ਅਰਥ ਸ਼ਾਸਤਰ ਤੇ ਸਮਾਜ ਸ਼ਾਸਤਰ ਵਿਭਾਗ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਤੇ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਡਾ. ਅਰਵਿੰਦਰ ਕੌਰ ਕਾਕੜਾ ਤੇ ਸ੍ਵ: ਹੰਸਾ ਸਿੰਘ ਬਿਆਸ ਪਰਿਵਾਰ ਦੇ ਜੀਆਂ ਨੂੰ ਵੀ ਇਸ ਪੁਰਸਕਾਰ ਦੀ ਮੁਬਾਰਕ ਦਿੱਤੀ। 

ਟਰਸਟ ਦੇ ਸਕੱਤਰ ਡਾ: ਨਿਰਮਲ ਜੌੜਾ ਨੇ ਮੰਚ ਸੰਚਾਲਨ ਕਰਦਿਆਂ ਪਹਿਲਾ ਪੰਜਾਬ ਦਾ ਖੇਤੀ ਸੰਕਟ, ਸੰਘਰਸ਼ ਅੰਤਹੀਣ ਵਿਸ਼ੇ ਤੇ ਬੋਲਣ ਨੂੰ ਕਿਹਾ। 

ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਤਿੰਨੇ ਖੇਤੀ ਬਿੱਲ  ਦੇਸ਼ ਦੇ ਖੇਤੀ ਅਰਥਚਾਰੇ ਨੂੰ ਤਬਾਹੀ ਦੇ ਕੰਢੇ ਲਿਜਾਣ ਵਾਲੇ ਹਨ ਕਿਉਂ ਕਿ  ਖੇਤੀ ਰਾਜਾਂ ਦਾ ਵਿਸ਼ਾ ਹੈ ਪਰ ਕੇਂਦਰ ਸਰਕਾਰ ਨੇ ਵਪਾਰ ਤੇ ਵਣਜ ਦੇ ਖਾਤੇ ਵਿੱਚ ਇਸ ਨੂੰ ਸਭ ਕਾਨੂੰਨੀ ਹੱਦਾਂ ਪਾਰ ਕਰਕੇ ਪਾਸ ਕੀਤਾ ਹੈ। ਕਿਸਾਨ ਫ਼ਸਲ ਪੈਦਾ ਕਰਕੇ ਮੰਡੀਕਰਨ ਕਰਦਾ ਹੈ, ਭੋਜਨ ਦਾ ਵਣਜ ਨਹੀਂ ਕਰਦਾ। ਸਰਕਾਰੀ ਤੇ ਨਿਜੀ ਮੰਡੀਆਂ ਦੀ ਸਥਾਪਤੀ ਸਾਨੂੰ ਪ੍ਰਾਈਵੇਟ ਅਜਾਰੇਦਾਰਾਂ ਦੇ ਹਵਾਲੇ ਕਰ ਦੇਵੇਗੀ, ਜਿਸ ਤੇ ਸਰਕਾਰੀ ਤੰਤਰ ਦਾ ਨਾ ਤਾਂ ਕਾਬੂ ਹੋਵੇਗਾ ਤੇ ਨਾ ਹੀ ਮਾਲੀਆ ਮਿਲੇਗਾ। ਕਿਰਤੀਆਂ ਦੀ ਦਿਹਾੜੀ ਮੁੱਕੇਗੀ ਅਤੇ ਨਵੇਂ ਕਾਨੂੰਨ ਦੀ ਸਥਾਪਨਾ ਨਾਲ 5 ਏਕੜ ਤੋਂ ਘੱਟ ਜ਼ਮੀਨ ਵਾਲੇ 80 ਫੀ ਸਦੀ ਕਿਸਾਨ ਖੇਤੀ ਕਿੱਤੇ ਚੋਂ ਬਾਹਰ ਹੋ ਜਾਣਗੇ। ਉਨ੍ਹਾ ਕਿਹਾ ਕਿ ਕਿਸਾਨ ਖ਼ੁਦਕੁਸ਼ੀ ਵਾਲੇ ਟੱਬਰਾਂ ਦੀ ਹਾਲਤ ਅੱਜ ਖੇਤ ਮਜ਼ਦੂਰ ਤੋਂ ਵੀ ਬਦਤਰ ਹੈ। ਅਜਿਹੇ ਪਰਿਵਾਰਾਂ ਚੋਂ ਤਿੰਨ ਫੀ ਸਦੀ ਧੀਆ ਦੇ ਰਿਸ਼ਤੇ ਟੁੱਟ ਰਹੇ ਹਨ। 

ਡਾ: ਸੁਖਪਾਲ ਸਿੰਘ ਨੇ ਕਿਹਾ ਕਿ ਵਿਸ਼ਵ ਭਰ ਚ ਅੱਜ 700 ਕਰੋੜ ਲੋਕਾਂ ਚੋਂ ਲਗਪਗ 150 ਤੋਂ 250 ਕਰੋੜ ਲੋਕ ਭੁੱਖਣ ਭਾਣੇ ਸੌਂਦੇ ਹਨ ਜਦ ਕਿ ਅਨਾਜ ਉਤਪਾਦਨ 1100 ਕਰੋੜ ਲੋਕਾਂ ਨੂੰ ਰੱਜਵਾਂ ਅਨਾਜ ਦੇ ਸਕਦਾ ਹੈ। ਸਹੀ ਵੰਡ ਪ੍ਰਨਾਲੀ ਨਾ ਹੋਣ ਕਾਰਨ ਸਭ ਲੋਕਾਂ ਤੀਕ ਖ਼ੁਰਾਕ ਦੀ ਸਹੀ ਪਹੁੰਚ ਨਹੀਂ ਹੈ। ਟਰਸਟ ਵੱਲੋਂ ਡਾ. ਸੁਖਪਾਲ ਨੂੰ ਦੋਸ਼ਾਲਾ ਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ  ਸਨਮਾਨਿਤ ਕੀਤਾ ਗਿਆ। 

ਹਰਭਜਨ ਹਲਵਾਰਵੀ ਪੁਰਸਕਾਰ ਵਿਜੇਤਾ ਤੇ ਕਿਰਤੀ ਕਿਸਾਨ ਮੋਰਚੇ ਚ ਅੱਗੇ ਵਧ ਕੇ ਯੋਗਦਾਨ ਪਾਉਣ ਵਾਲੀ ਅਗਾਂਹਵਧੂ ਪੰਜਾਬੀ ਲੇਖਕਾ ਤੇ ਸਮਾਲੋਚਕ ਡਾ: ਅਰਵਿੰਦਰ ਕੌਰ ਕਾਕੜਾ ਪ੍ਰੋਫੈਸਰ, ਪਬਲਿਕ ਕਾਲਿਜ ਸਮਾਣਾ (ਪਟਿਆਲਾ) ਬਾਰੇ ਟਰਸਟ ਸਕੱਤਰ ਮਨਜਿੰਦਰ ਧਨੋਆ ਤੇ ਕਿਸਾਨ ਮਜ਼ਦੂਰ ਸੰਘਰਸ਼ ਲਈ ਨਾਟਕ ਖੇਡਦਿਆਂ ਜਾਨ ਕੁਰਬਾਨ ਕਰ ਗਏ ਨਾਟਕਕਾਰ ਤੇ ਰੰਗ ਕਰਮੀ ਸ: ਹੰਸਾ ਸਿੰਘ ਬਿਆਸ  (ਅੰਮ੍ਰਿਤਸਰ)ਬਾਰੇ ਟਰਸਟ ਦੇ ਮੀਤ ਪ੍ਰਧਾਨ ਡਾ: ਗੋਪਾਲ ਸਿੰਘ ਬੁੱਟਰ ਨੇ ਸ਼ੋਭਾਪੱਤਰ ਪੜ੍ਹਿਆ। ਪ੍ਰੋ. ਰਵਿੰਦਰ ਭੱਠਲ, ਗੁਰਭਜਨ ਗਿੱਲ, ਡਾ. ਨਿਰਮਲ ਜੌੜਾ, ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ, ਡਾ. ਨਵਤੇਜ ਸਿੰਘ ਹਲਵਾਰਵੀ, ਮਨਜਿੰਦਰ ਧਨੋਆ ਤੇ ਸ. ਗੁਰਮੀਤ ਸਿੰਘ ਦਿੱਲੀ ਨੇ ਸਨਮਾਨ ਦੇਣ ਦੀ ਰਸਮ ਅਦਾ ਕੀਤੀ। ਪੁਰਸਕਾਰ ਵਿੱਚ ਦੋਹਾਂ ਹਸਤੀਆਂ ਨੂੰ 21-21 ਹਜ਼ਾਰ ਰੁਪਏ ਦੀ ਧਨ ਰਾਸ਼ੀ, ਦੋਸ਼ਾਲਾ ਤੇ ਸ਼ਲਾਘਾ ਪੱਤਰ ਭੇਂਟ ਕੀਤਾ ਗਿਆ। 

ਡਾ: ਅਰਵਿੰਦਰ ਕੌਰ ਕਾਕੜਾ ਤੇ ਹੰਸਾ ਸਿੰਘ ਪਰਿਵਾਰ ਵੱਲੋਂ ਉਨ੍ਹਾਂ ਦੇ ਸਪੁੱਤਰ ਕਰਾਂਤੀਪਾਲ ਨੇ ਧੰਨਵਾਦ ਦੇ ਸ਼ਬਦ ਕਹੇ। 

ਇਸ ਮੌਕੇ ਕਰਵਾਏ ਕਵੀ ਦਰਬਾਰ ਵਿੱਚ ਕਿਰਤੀ ਕਿਸਾਨ ਸੰਘਰਸ਼ ਦੌਰਾਨ  ਜਾਨਾਂ ਕੁਰਬਾਨ ਕਰ ਗਏ ਕਿਰਤੀਆਂ ਤੇ ਕਿਸਾਨ ਸ਼ਹੀਦਾਂ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆ। 

ਇਸ ਕਵੀ ਦਰਬਾਰ ਵਿੱਚ ਨਾਮਵਰ ਪੰਜਾਬੀ ਕਵੀ ਪ੍ਰੋ: ਰਵਿੰਦਰ ਭੱਠਲ,ਸੇਵਾ ਸਿੰਘ ਭਾਸ਼ੋ, ਭਗਵਾਨ ਢਿੱਲੋਂ,ਪ੍ਰਭਜੋਤ ਸਿੰਘ ਸੋਹੀ,ਸਰਬਜੀਤ ਕੌਰ ਜੱਸ,ਮੁਕੇਸ਼ ਆਲਮ,ਦਲਜਿੰਦਰ ਰਹਿਲ(ਇਟਲੀ) ਤਰਸੇਮ ਨੂਰ, ਰਮਨਦੀਪ ਕੌਰ ਵਿਰਕ , ਰਾਜਦੀਪ ਸਿੰਘ ਤੂਰ,ਅਮਨਦੀਪ ਸਿੰਘ ਟੱਲੇਵਾਲੀਆ ਤੇ ਸੁਖਦੀਪ ਔਜਲਾ ਨੇ ਹਿੱਸਾ ਲਿਆ। ਮਾਸਟਰ ਅਵਤਾਰ ਸਿੰਘ ਬੁਰਜ ਲਿਟਾਂ ਨੇ ਹਲਵਾਰਾ ਪਿੰਡ ਦੀ ਸਥਾਪਨਾ, ਨਾਇਕ ,ਖਲਨਾਇਕ ਕਿਰਦਾਰਾਂ ਤੇ ਸਾਹਿੱਤਕ ਹਸਤੀਆਂ ਦੇ ਹਵਾਲੇ ਨਾਲ ਵਿਸ਼ੇਸ਼ ਜਾਣ ਪਛਾਣ ਕਰਵਾਈ। 

ਗੁਰੂ ਰਾਮ ਦਾਸ ਕਾਲਿਜ ਹਲਵਾਰਾ ਦੇ ਡਾਇਰੈਕਟਰ ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ ਤੇ ਹਰਭਜਨ ਹਲਵਾਰਵੀ ਜੀ  ਦੇ ਨਿੱਕੇ  ਵੀਰ ਤੇ ਇਤਿਹਾਸਕਾਰ ਡਾ: ਨਵਤੇਜ ਸਿੰਘ ਸਾਬਕਾ ਪ੍ਰੋਫੈਸਰ ਤੇ ਮੁਖੀ ਇਤਿਹਾਸ ਵਿਭਾਗ , ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਭ ਸਹਿਯੋਗੀ ਧਿਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮਹਿਮਾਨ,ਸਨਮਾਨਿਤ ਸ਼ਖਸੀਅਤਾਂ,ਹਾਜ਼ਰ ਕਵੀਆਂ ਤੋਂ ਇਲਾਵਾ ਹਲਵਾਰਾ ਸਥਿਤ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਧਾਨ ਸ: ਗੁਰਸ਼ਰਨ ਸਿੰਘ ਸੰਧੂ , ਪ੍ਰਿੰਸੀਪਲ ਨਵਨੀਤ ਕੌਰ ਸੰਧੂ, ਰਾਮ ਗੋਪਾਲ ਰਾਏਕੋਟੀ ਤੇ ਚਰਨਜੀਤ ਸਿੰਘ ਢਿੱਲੋਂ ਨੂੰ ਵੀ ਪ੍ਰੋ: ਗੁਰਭਜਨ ਗਿੱਲ ਤੇ ਤੇਜਪਰਤਾਪ ਸਿੰਘ ਸੰਧੂ ਦੀ ਸਾਂਝੀ ਕੌਫੀ ਟੇਬਲ ਪੁਸਤਕ ਪੱਤੇ ਪੱਤੇ ਲਿਖੀ ਇਬਾਰਤ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। 

ਸ: ਗੁਰਮੀਤ ਸਿੰਘ ਦਿੱਲੀ ਤੇ ਦਿਲਦਾਰ ਸਿੰਘ ਹਲਵਾਰਾ ਨੇ ਸਮੁੱਚੇ ਸਮਾਗਮ ਦੀ ਪ੍ਰਬੰਧਕੀ ਦੇਖ ਰੇਖ ਕੀਤੀ। ਇਸ ਸਮਾਗਮ ਨੂੰ ਮਾਲਵਾ ਟੀ ਵੀ  ਵੱਲੋਂ ਲਾਈਵ ਟੈਲੀਕਾਸਟ ਕੀਤਾ ਗਿਆ। 

ਸਮਾਗਮ ਦੇ ਅੰਤ ਵਿੱਚ ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਵੱਲੋਂ ਇਸ ਸਾਲ ਸਨਮਾਨ ਲਈ ਚੁਣੇ ਗਏ ਲੇਖਕ ਗੁਰਦੇਵ ਸਿੰਘ ਰੁਪਾਣਾ, ਬਾਲ ਸਾਹਿੱਤ ਲੇਖਕ ਡਾ: ਕਰਨੈਲ ਸਿੰਘ ਸੋਮਲ ਤੇ ਨੌਜਵਾਨ ਕਵੀ ਦੀਪਕ ਧਲੇਵਾਂ ਨੂੰ ਹਾਜ਼ਰ ਲੇਖਕਾ ਵੱਲੋਂ ਮੁਬਾਰਕਬਾਦ ਦਿੱਤੀ ਗਈ।