google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਅਧਿਆਪਕ ਦਿਵਸ 'ਤੇ ਕੁਝ ਦਿਲ ਦੀਆਂ ਗੱਲਾਂ//*ਰਮਨਜੀਤ ਸਿੰਘ

Sunday, 20 September 2020

ਅਧਿਆਪਕ ਦਿਵਸ 'ਤੇ ਕੁਝ ਦਿਲ ਦੀਆਂ ਗੱਲਾਂ//*ਰਮਨਜੀਤ ਸਿੰਘ

 ਪ੍ਰੋਫੈਸਰ ਜੈਪਾਲ ਹੁਰਾਂ ਦੇ ਉੱਦਮ ਨਾਲ ਇੱਕ ਲੋਕਪੱਖੀ ਕਲਮ  ਨਾਲ ਰੂਬਰੂ 


ਲੁਧਿਆਣਾ:
20 ਸਤੰਬਰ 2020: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ)::

ਇਹਨਾਂ ਸਤਰਾਂ ਨੂੰ ਪੜ੍ਹਿਆਂ ਸੁਣਿਆਂ ਬਹੁਤ ਚਿਰ ਹੋ ਗਿਆ ਹੈ ਤੇ ਹੁਣ ਪਹਿਲਾਂ ਵਾਂਗ ਯਾਦ ਵੀ  ਰਹਿੰਦਾ। ਕਦੇ ਚਾਰ ਕੁ ਦਹਾਕੇ ਪਹਿਲਾਂ ਲਹਿੰਦੇ ਪੰਜਾਬ ਦੇ ਇੱਕ ਪ੍ਰਸਿੱਧ ਸ਼ਾਇਰ ਸ਼ਾਇਦ ਜਨਾਬ ਸ਼ਰੀਫ ਕੁੰਜਾਹੀ ਸਾਹਿਬ ਨੇ ਆਖਿਆ ਸੀ: 

ਘਾਈਆਂ ਕੋਲੋਂ ਘਾਹ ਨ ਮੁੱਕਦੇ, ਫਾਹੀਆਂ ਕੋਲੋਂ ਪੰਛੀ!

ਅਸਾਂ ਛੰਗਾਈਆਂ ਨਾਲ ਨਾ ਵੇਖੇ ਰੁੱਖ ਕਦੇ ਵੀ ਸੁੱਕਦੇ!

ਪ੍ਰੋਫੈਸਰ ਜੈਪਾਲ ਸਿੰਘ 
ਲੰਮੇ  ਅਰਸੇ ਮਗਰੋਂ ਅੱਜ ਫਿਰ ਇਹ ਸਤਰਾਂ ਚੇਤੇ ਆ ਰਾਹੀਆਂ ਹਨ।  ਜੋ ਜੋ ਕੁਝ ਹੁਣ ਹੋ ਰਿਹਾ ਹੈ ਉਹ ਇਹੀ ਕੁਝ ਯਾਦ  ਹੈ। ਵਿਰੋਧ ਨੂੰ ਦੇਸ਼ ਧ੍ਰੋਹ ਆਖਿਆ  ਜਾ ਰਿਹਾ ਹੈ ਅਤੇ ਦੇਸ਼ ਵੇਚਣ ਨੂੰ ਰਾਸ਼ਟਰਵਾਦ। ਸਥਿਤੀ ਨਿਰਾਸ਼ਾਜਨਕ ਹੈ। ਗੌਰੀ ਲੰਕੇਸ਼ ਦੇ ਵਹਿਸ਼ੀਆਨਾ ਕਤਲ ਨੇ ਇਹੀ ਦੁਆਇਆ ਕਿ  ਜਬਰ ਦਾ ਕੁਹਾੜਾ ਤੇਜ਼ ਹੋਣ ਵਾਲਾ ਹੈ। ਅਜਿਹੀ ਨਿਰਾਸ਼ਾਜਨਕ ਸਥਿਤੀ ਵਿੱਚ ਪ੍ਰੋਫੈਸਰ ਜੈਪਾਲ ਸਿੰਘ ਹੁਰਾਂ ਨੇ ਇੱਕ ਨੌਜਵਾਨ ਰਮਨਜੀਤ ਸਿੰਘ ਦੀ ਕਾਵਿ ਰਚਨਾ ਭੇਜੀ ਸੀ। ਵਟਸਐਪ ਤੇ ਹੋਣ ਕਰਕੇ ਕਿਸੇ ਤਕਨੀਕੀ ਵਧੀਕੀ ਦਾ ਸ਼ਿਕਾਰ ਹੋ ਗਈ। ਬੜੀ ਮੁਸ਼ਕਲ ਰਿਕਵਰ ਕਰਨੀ ਪਈ ਕਿਓਂਕਿ ਐਮਰਜੰਸੀ ਸਟੋਰ ਵਾਲੇ ਸੈਕਸ਼ਨ ਵਿੱਚ  ਸੁਰੱਖਿਅਤ  ਸੀ। ਇਹ ਕਾਵਿ ਰਚਨਾ ਵੀ ਅਹਿਸਾਸ ਕਰਾ ਰਹੀ ਹੈ ਕਿ ਅਸਾਂ ਛੰਗਾਈਆਂ ਨਾਲ ਨਾ ਵੇਖੇ ਰੁੱਖ ਕਦੇ ਵੀ ਸੁੱਕਦੇ। ਇਸ ਜ਼ੋਰਦਾਰ ਕਲਮ ਦਾ ਸੁਆਗਤ ਕਰੋ।  ਇਹ ਰਚਨਾ ਪ੍ਰੋਫੈਸਰ ਜੈਪਾਲ ਹੁਰਾਂ ਦੇ  ਨਾਲ ਤੁਹਾਡੇ ਸਾਹਮਣੇ ਆ ਰਹੀ ਹੈ। 

  *ਰਮਨਜੀਤ ਸਿੰਘ (ਪੰਜਾਬੀ ਮਾਸਟਰ) ਦੀ ਕਾਵਿ ਰਚਨਾ 

ਲੇਖਕ ਰਮਨਜੀਤ ਸਿੰਘ 

ਕਿਸਾਨ ਦਾ ਪੁੱਤ ਹੋ ਕੇ ਵੀ

ਖੇਤੀ ਨਾਲੋਂਟੁੱਟ ਜਾਣ ਦਾ

ਕਾਫ਼ੀ ਉਮਰ ਤੱਕ ਮਲਾਲ ਰਿਹੈ ਮੈਨੂੰ

ਇਹ ਮਲਾਲ ਉਸ ਦਿਨ ਦੂਰ ਹੋਇਆ 

ਜਿਸ ਦਿਨ ਮੈਂ ਇੱਕ ਨਿਵੇਕਲੀ ਹੀ

ਖੇਤੀ ਕਰਨ ਲੱਗ ਪਿਆ 

ਬਾਲ ਮਨਾਂ ਦੀ ਜ਼ਰਖੇਜ਼ ਭੋਇੰ ਨੂੰ

ਪਿਆਰ ਦੇ ਹਲ ਨਾਲ ਵਾਹ ਕੇ

ਵਿਚਾਰਾਂ ਦੇ ਬੀਜ ਬੋਅ ਕੇ

ਤਰਕ ਦੀ ਖਾਦ ਪਾ ਕੇ

ਉਮੀਦ ਦਾ ਪਾਣੀ ਲਾ ਕੇ

ਸ਼ੰਕਿਆਂ ਦੇ ਨਦੀਨ ਕੱਢ ਕੇ

ਮੰਦ ਵਿਚਾਰਾਂ ਦੀਆਂ ਸੁੰਡੀਆਂ 'ਤੇ

ਸਦਾਚਾਰ ਦੀਆਂ ਸਪਰੇਆਂ ਕਰ ਕੇ

ਉਡੀਕਦਾ ਹਾਂ ਗਿਆਨ ਦੀ ਫ਼ਸਲ ਪੱਕਣ ਤੱਕ 

ਤੇ ਜਦ ਹਾੜ੍ਹੀ-ਸਾਉਣੀ ਰੂਪੀ ਇਮਤਿਹਾਨਾਂ ਤਾਈਂ

ਇਹ ਫ਼ਸਲ ਪੱਕ ਕੇ ਝੂਮਣ ਲਗਦੀ ਹੈ

ਤਾਂ ਸੱਚ ਜਾਣਿਓ ਓਨੀ ਹੀ ਤਸੱਲੀ ਮਿਲਦੀ ਹੈ

ਜਿੰਨੀ ਮੇਰੇ ਪਿਓ ਤੇ ਦਾਦੇ ਨੂੰ 

ਫ਼ਸਲਾਂ ਦਾ ਚੰਗਾ ਝਾੜ ਹੋਣ 'ਤੇ ਮਿਲਦੀ ਸੀ

ਪਰ ਬੜਾ ਫ਼ਰਕ ਹੈ ਦੋਵਾਂ ਖੇਤੀਆਂ 'ਚ 

ਮੇਰੇ ਪਿਓ ਦਾਦੇ ਤਾਂ

ਮੰਡੀ ਤੱਕ ਫ਼ਸਲ ਪੁਚਾ ਕੇ

ਹੋ ਜਾਂਦੇ ਸਨ ਸੁਰਖਰੂ

ਪਰ ਮੇਰੀ ਵੱਡੀ ਫ਼ਿਕਰ ਤਾਂ

ਮੇਰੀ ਫ਼ਸਲ ਦੇ ਪੱਕਣ ਤੋਂ 

ਬਾਅਦ ਹੀ ਸ਼ੁਰੂ ਹੁੰਦੀ ਏ 

ਡਰਦਾ ਰਹਿੰਦਾ ਹਾਂ ਹਰ ਦਮ

ਮਤੇ ਰੁਲ ਹੀ ਨਾ ਜਾਵੇ

ਮੇਰੀ ਰੀਝਾਂ ਨਾਲ ਪਾਲੀ ਫ਼ਸਲ 

ਬੇਰੁਜ਼ਗਾਰੀ ਦੀਆਂ ਮੰਡੀਆਂ 'ਚ

ਰੋਲ ਹੀ ਨਾ ਦੇਣ ਮੇਰੀ ਫ਼ਸਲ ਨੂੰ

ਨਸ਼ਿਆਂ ਤੇ ਫ਼ੁਕਰਪੁਣੇ ਦੇ ਆੜ੍ਹਤੀਏ 

ਕਿਤੇ ਰੁੜ੍ਹ ਹੀ ਨਾ ਜਾਵੇ ਮੇਰੀ ਫ਼ਸਲ 

ਹਥਿਆਰਾਂ ਤੇ ਲੱਚਰਤਾ ਦੇ ਹੜ੍ਹ ਵਿੱਚ 

ਮੈਂ ਇਨ੍ਹਾਂ ਫ਼ਿਕਰਾਂ 'ਤੇ ਕਾਬੂ ਪਾਉਣਾ ਹੈ

ਆਪਣੀ ਫ਼ਸਲ ਦੇ ਇੱਕ-ਇੱਕ ਬੂਟੇ ਨੂੰ

ਉਸ ਦੇ ਸਹੀ ਮੁਕਾਮ ਤੱਕ ਪੁੱਜਣ ਤਾਈਂ

ਮੈਂ ਹਾਰ ਹੁੱਟ ਕੇ ਨਹੀਂ ਬਹਿ ਸਕਦਾ

ਨਿਜ਼ਾਮ ਦੇ ਲਤਾੜੇ ਤੇ ਨਪੀੜੇ

ਨਿਰਾਸ ਜੱਟ ਵਾਂਗ ਫਾਹਾ ਨਹੀਂ ਲੈ ਸਕਦਾ

ਮੈਂ ਬੱਸ ਡਟੇ ਰਹਿਣਾ ਏ

ਮੈਂ ਬੱਸ ਜੁਟੇ ਰਹਿਣਾ ਏ...   

*ਰਮਨਜੀਤ ਸਿੰਘ (ਪੰਜਾਬੀ ਮਾਸਟਰ) 

ਮੋਬਾਈਲ ਨੰਬਰ 9316233569

ਸਰਕਾਰੀ ਮਿਡਲ ਸਕੂਲ, ਸਲੇਮਪੁਰ ਜੱਟਾਂ (ਘਨੌਰ ਬਲਾਕ),

ਜ਼ਿਲ੍ਹਾ ਪਟਿਆਲਾ।

No comments:

Post a Comment