google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: August 2019

Monday, 19 August 2019

ਜਸਵੀਰ ਝੱਜ ਦਾ ਗੀਤ ਸੰਗ੍ਰਹਿ ‘ਜਾਣਾ ਅੱਗੇ ਹੋਰ’ ਲੋਕ ਅਰਪਣ

Aug 19, 2019, 3:07 PM
ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਤੇ ਚੰਡੀਗੜ੍ਹ ਵੱਲੋਂ ਵਿਸ਼ੇਸ਼ ਆਯੋਜਨ 
ਚੰਡੀਗੜ੍ਹ//ਦੋਰਾਹਾ//ਲੁਧਿਆਣਾ:
ਦੋਰਾਹਾ,19 ਅਗਸਤ (ਪੱਤਰ ਪ੍ਰੇਰਕ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਤੇ ਚੰਡੀਗੜ੍ਹ ਦੀਆਂ ਇਕਾਈਆਂ ਦੀ ਸੂਬਾ ਕਾਨਫ੍ਰੰਸ ਤੇ ਸੈਮੀਨਾਰ, ਪੀਪਲ ਕਨਵੈਸ਼ਨ ਹਾਲ, ਸੈਕਟਰ 36 ਚੰਡੀਗੜ੍ਹ ਵਿਖੇ ਕੀਤਾ ਗਿਆ। ਇਸ ਸਮਾਗਮ ਵਿਚ ਕਾਰਜਕਾਰੀ ਕੌਮੀ ਪ੍ਰਧਾਨ ਡਾ. ਅਲੀ ਜਾਵੇਦ (ਜੇ.ਐਨ.ਯੂ. ਦਿੱਲੀ) , ਡਾ. ਸਵਰਾਜਬੀਰ ਸੰਪਾਦਕ ਪੰਜਾਬੀ ਟਿ੍ਰਬਿਊਨ ਚੰਡੀਗੜ, ਕੌਮੀ ਪ੍ਰੀਜ਼ਡੀਅਮ ਮੈਂਬਰ ਸੁਖਦੇਵ ਸਿੰਘ, ਇਕਾਈ ਪੰਜਾਬ ਦੇ ਪ੍ਰਧਾਨ ਤੇਜਵੰਤ ਸਿੰਘ ਗਿੱਲ, ਜਨਰਲ ਸਕੱਤਰ ਸੁਰਜੀਤ ਜੱਜ, ਜੁਇੰਟ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਇਕਾਈ ਚੰਡੀਗੜ੍ਹ ਦੇ ਪ੍ਰਧਾਨ ਸਰਬਜੀਤ ਸਿੰਘ, ਜਨਰਲ ਸਕੱਤਰ, ਡਾ. ਗੁਰਮੇਲ ਸਿੰਘ, ਡਾ. ਅਨੂਪ ਸਿੰਘ ਸਾਬਕਾ ਸੀ. ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਇਕਾਈ ਪੰਜਾਬ ਦੇ ਸਕੱਤਰ ਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਝੱਜ ਦਾ ਗੀਤ ਸੰਗ੍ਰਹਿ ‘ਜਾਣਾ ਅੱਗੇ ਹੋਰ’ ਨੂੰ ਲੋਕ ਅਰਪਣ ਕੀਤਾ। ਜਿਸ ਦੇ ਬਾਰੇ ਬਲਵੰਤ ਮਾਂਗਟ ਜਨਰਲ ਸਕੱਤਰ ਪੰਜਾਬੀ ਲਿਖਾਰੀ ਸਭਾ ਰਾਮਪੁਰ ਨੇ ਦੱਸਿਆ ਕਿ ਝੱਜ ਦੇ ਗੀਤ ਸੰਗ੍ਰਹਿ ਦੀ ਭੂਮਿਕਾ ਡਾ. ਸੁਖਦੇਵ ਸਿੰਘ ਸਿਰਸਾ ਨੇ ‘ਲੰਮੇਰੀ ਵਾਟ ਦਾ ਪਾਂਧੀ:ਜਸਵੀਰ ਝੱਜ’ ਵਿਚ ਕਿਹਾ ਹੈ ਕਿ ਝੱਜ ਦੇ ਗੀਤ ਦਰਬਾਰੀ ਤੇ ਰੁਮਾਨੀ ਭਾਸ਼ਾ ‘ਚ ਨਾ ਹੋ ਕੇ ਲੋਕ ਪੱਖੀ ਹੁੰਦੇ ਹੋਏ, ਮਨੁੱਖ ਨੂੰ ਵੇਲ ਨਹੀਂ ਰੁੱਖ ਬਣਨ ਲਈ ਪ੍ਰੇਰਤ ਕਰਦੇ ਹਨ। ਡਾ. ਗਲਜ਼ਾਰ ਸਿੰਘ ਪੰਧੇਰ ਨੇ ‘ਲੋਕ ਪੱਖੀ ਗੀਤਕਾਰੀ- ‘ਜਾਣਾ ਅੱਗੇ ਹੋਰ’ ਵਿਚ ਕਿਹਾ ਹੈ ਕਿ ‘ਕਹਾਵਤਾਂ ਤੇ ਮੁਹਾਵਰੇਦਾਰ ਪੇਂਡੂ ਸ਼ਬਦਕੋਸ਼ੀ ਸ਼ਬਦਾਵਲੀ ਨਾਲ਼ ਭਰਪੂਰ, ਝੱਜ ਦਾ ਇਹ ਗੀਤ ਸੰਗ੍ਰਹਿ ਸਾਡੇ ਸਮਿਆਂ ਦੀਆਂ ਦਰਪੇਸ਼ ਚੁਣੌਤੀਆਂ ਤੇ ਸੂਖ਼ਮ ਵਾਰ ਕਰਦਾ ਇੱਕ ਹਥਿਆਰ ਵਰਗਾ ਹੈ’। ਇਸ ਸਮੇਂ ਉੱਕਤ ਦੇ ਨਾਲ਼ ਨਾਲ਼ ਸੁਰਿੰਦਰ ਗਿੱਲ (ਮੁਹਾਲ਼ੀ), ਡਾ. ਜੋਗਿੰਦਰ ਨਿਰਾਲਾ (ਬਰਨਾਲ਼ਾ), ਕੇਂਦਰੀ ਪੰਜਾਬੀ ਲੇਖਕ ਸਭਾ ਸਾਬਕਾ ਪ੍ਰਧਾਨ ਡਾ. ਲਾਭ ਸਿੰਘ ਖੀਵਾ, ਡਾ. ਸ਼ਮਸ਼ੇਰ ਮੋਹੀ, ਸ਼੍ਰੀ ਰਾਮ ਅਰਸ਼, ਅਮਨਦੀਪ ਆਜ਼ਾਦ, ਹਰਬੰਸ ਹੀਓਂ (ਨਵਾਂ ਸ਼ਹਿਰ), ਕਹਾਣੀਕਾਰਾ ਕਾਹਨਾ ਸਿੰਘ, ੳੂਸ਼ਾ ਕੰਵਰ, ਡਾ. ਅਰਵਿੰਦਰ ਕੌਰ ਕਾਕੜਾ, ਦਲਬੀਰ ਲੁਧਿਆਣਵੀ, ਬਲਕੌਰ ਸਿੰਘ ਗਿੱਲ, ਡਾ. ਬਲਵਿੰਦਰ ਚਹਿਲ, ਜਸਪਾਲ ਮਾਨਖੇੜਾ (ਬਠਿੰਡਾ),  ਕਰਮ ਸਿੰਘ ਵਕੀਲ, ਹਰਦੀਪ ਢਿਲ੍ਹੋਂ, ਭੋਲਾ ਸਿੰਘ ਸੰਘੇੜਾ, ਮੇਜਰ ਸਿੰਘ ਬਰਨਾਲ਼ਾ ਅਦਿ ਲੇਖਕ ਵੱਡੀ ਗਿਣਤੀ ਵਿਚ ਹਾਜ਼ਰ ਸਨ। 
19ਪੀ.ਡਬਯੂ.ਏ.- ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਤੇ ਚੰਡੀਗੜ੍ਹ ਵੱਲੋਂ ਸ਼ਾਇਰ ਝੱਜ ਦਾ ਗੀਤ ਸੰਗ੍ਰਹਿ ‘ਜਾਣਾ ਅੱਗੇ ਹੋਰ’ ਲੋਕ ਅਰਪਣ ਕਰਨ ਸਮੇਂ ਡਾ. ਜਾਵੇਦ, ਡਾ. ਸਵਰਾਜਬੀਰ, ਡਾ. ਗਿੱਲ, ਡਾ. ਸਿਰਸਾ, ਜੱਜ, ਡਾ. ਪੰਧੇਰ, ਡਾ. ਸਰਬਜੀਤ, ਡਾ. ਗੁਰਮੇਲ, ਝੱਜ ਅਤੇ ਮਾਂਗਟ।  

Saturday, 17 August 2019

ਗ਼ਜ਼ਲ//ਕਾਰਤਿਕਾ ਸਿੰਘ

ਜੇ ਮੀਟਿੰਗ ਵਿੱਚ ਮੈਂ ਨ ਜਾਂਦੀ ਤਾਂ ਆਲਮ ਹੋਰ ਹੋਣਾ ਸੀ।
ਜੇ ਹਾਂ ਵਿੱਚ ਹਾਂ ਮਿਲਾ ਆਂਦੀ ਤਾਂ ਆਲਮ ਹੋਰ ਹੋਣਾ ਸੀ।

ਮੈਂ ਮੁੱਦਾ ਚੁੱਕ ਲਿਆ ਸੱਚ ਦਾ ਤੇ ਹੁਣ ਤੱਕ ਭੁਗਤਿਆ ਵੀ ਹੈ,
ਜੇ ਝੂਠਾ ਰਾਗ ਗਾ ਆਂਦੀ ਤਾਂ ਆਲਮ ਹੋਰ ਹੋਣਾ ਸੀ।

ਮੋਹੱਬਤ ਸੀ ਬੜੀ ਸੱਚੀ, ਪਰਖ ਵਿੱਚ ਹਾਰ ਗਈ ਐਪਰ,
ਗਲੇ ਸੂਲੀ ਨੂੰ ਲਾ ਆਂਦੀ ਤਾਂ ਆਲਮ ਹੋਰ ਹੋਣਾ ਸੀ।

ਬੜੀ ਬਦਰੰਗ ਹੈ ਦੁਨੀਆ ਮਗਰ ਰੰਗੀਨ ਲੱਗਦੀ ਹੈ,
ਜੇ ਅਸਲੀ ਰੰਗ 'ਚ ਆ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਬੜੀ ਹੀ ਤੇਜ਼ ਬਾਰਿਸ਼ ਹੈ, ਬਣੂ ਝੁੱਗੀਆਂ ਦਾ ਕੀ ਆਖਿਰ,
ਜੇ ਮਹਿਲਾਂ ਨੂੰ ਵਹਾ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਕਦੇ ਕਸ਼ਮੀਰ ਦੀ ਚਰਚਾ, ਕਦੇ ਲਾਹੌਰ ਦੀ ਚਰਚਾ,
ਜੇ ਗੱਲ ਲੋਕਾਂ ਦੀ ਛਾ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਮੋਹੱਬਤ ਸੀ ਮਗਰ ਇਜ਼ਹਾਰ ਇਸਦਾ ਕਰ ਨਹੀਂ ਹੋਇਆ,
ਜ਼ੁਬਾਂ 'ਤੇ ਗੱਲ ਜੇ ਆ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਉਹਨੇ ਇਜ਼ਹਾਰ ਕੀਤਾ ਸੀ ਮੋਹੱਬਤ ਦਾ ਮਗਰ ਉਸ ਵਿੱਚ,
ਮੋਹੱਬਤ ਨਜ਼ਰ ਆ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਇਹ ਦੁਨੀਆ ਮੈਂ ਨਹੀਂ ਸਿਰਜੀ, ਇਹ ਸਿਰਜੀ ਹੈ ਕਿਸੇ ਰੱਬ ਨੇ,
ਜੇ ਮੈਨੂੰ ਜਾਚ ਆ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਬੜੇ ਹੀ ਇੰਨਕਲਾਬੀ ਸਨ, ਤੁਰੇ ਇਸ ਰਾਹ ' ਤੇ ਜਿਹੜੇ!
ਕਣੀ ਸਭਨਾਂ 'ਚ ਆ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਅਸੀਂ ਲੈ ਕੇ ਤੁਰੇ ਝੰਡਾ ਕਿ ਦੁਨੀਆ ਬਦਲ ਦੇਵਾਂਗੇ,
ਜੇ ਸੱਚੀਂਓਂ ਜਾਚ ਆ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਕਦੇ ਖਿਚੜੀ, ਕਦੇ ਚਾਵਲ, ਕਦੇ ਦਲੀਆ, ਕਦੇ ਡੋਸਾ!
ਜੇ ਉਪਮਾ ਵੀ ਬਣਾ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਸਹੇਲੀ ਹੈ ਮੇਰੀ ਪਰ ਗੱਲ ਚਾਹ ਪੀ ਕੇ ਹੀ ਸੁਣਦੀ ਹੈ,
ਜੇ ਦੋ ਘੁੱਟ ਚਾਹ ਪਿਆ ਜਾਂਦੀ ਤਾਂ ਆਲਮ ਹੋਰ ਹੋਣਾ ਸੀ।
                 ----------------