google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: February 2017

Sunday, 26 February 2017

ਰਿੜਦੇ 2 ਜਦੋਂ ਖੜ੍ਹਨਾ ਸਿੱਖਿਆ-ਡਾ. ਅਮਰਜੀਤ ਟਾਂਡਾ

Fri, Feb 24, 2017 at 2:37 AM
ਨਹਿਰ ਲੋਕਾਂ ਦੇ ਸੀਨੇ ਤੇ ਬਣੇਗੀ//ਹੱਕ ਫਿਰ ਦਫ਼ਨ ਹੋਣਗੇ
ਰਿੜਦੇ 2 ਜਦੋਂ ਖੜ੍ਹਨਾ ਸਿੱਖਿਆ
ਤਾਂ ਪੱਬਾਂ ਹੇਠ ਮੰਜ਼ਿਲਾਂ ਪਈਆਂ ਸਨ
ਸਫ਼ਰਾਂ ਨੇ ਪਹਿਰਾਂ ਨੂੰ ਉਮਰਾਂ ਲਾਈਆਂ
ਬਾਪੂ ਦੇ ਸਿਰ ਲੋਹੜੇ ਦਾ ਭਾਰ ਸੀ-
ਮਾਂ ਦੀਆਂ ਅੱਖਾਂ ਚ ਜ਼ਰਾ ਕੁ ਜਿੰਨੀ ਲੋਅ ਸੀ-
ਕਬੀਲਦਾਰੀ ਦਾ ਪਹਾੜ ਚੁੱਕੀ
ਉਹ ਸਾਰੀ ਉਮਰ ਜੂਝਦਾ ਰਿਹਾ
ਤੇ ਨਾਲ 2 ਅਸੀਂ ਵੀ ਭੈਣਾਂ ਭਰਾ ਲੱਗ ਗਏ-
ਕੰਧਾਂ ਨੂੰ ਉੱਚਾ ਕੀਤਾ
ਘਰ ਦੀ ਛੱਤ ਤੋਂ
ਅਸਮਾਨ ਨੂੰ ਛੁਹਣ ਲਈ ਹੱਥ ਕੀਤੇ ਉਤਾਂਹ ਨੂੰ
ਸੂਰਜ ਡਰਾਉਂਦਾ ਸੀ
ਅੱਗ ਵਿਖਾਉਂਦਾ ਸੀ-
ਠੰਢੇ ਚੰਦ ਨਾਲ ਯਾਰੀ ਦਾ ਕੀ ਫਾਇਦਾ ਹੋਣਾ ਸੀ-
ਮਜ਼ਾ ਜੋ ਸੂਰਜਾਂ ਨਾਲ ਖੇਡਣ ਦਾ ਆਉਂਦਾ ਹੈ-
ਉਹ ਸੀਤ ਤਾਰਿਆਂ ਨਾਲ ਕਿੱਥੇ-
ਰਾਹਾਂ ਚ ਰੋੜੇ ਕੰਡੇ
ਸਮੇਂ ਨੇ ਪਹਿਲਾਂ ਹੀ ਖਿਲਾਰੇ ਹੋਏ ਸਨ-
ਕਚਹਿਰੀ ਦੇ ਦਰ ਉੱਚੇ ਸਨ-
ਤਾਰੀਕਾਂ ਦੇ ਡੰਡੇ ਮੁੱਕਣ ਚ ਨਾ ਆਉਂਦੇ
ਕਾਨੂੰਨ ਵੀ ਅੰਨ੍ਹਾ ਹੁੰਦਾ ਹੈ-
ਮੈਂ ਕਦੇ ਨਹੀਂ ਸੀ ਸੁਣਿਆ
ਪਰ ਅੱਖਾਂ ਨਾਲ ਦੇਖਿਆ-
ਕਾਲੇ ਕੋਟਾਂ ਨੂੰ ਵੀ
ਖ਼ੂਨ ਪਸੀਨੇ ਦੀ ਹੀ ਭੁੱਖ ਲਗੀ ਰਹਿੰਦੀ ਹੈ-
ਜਿਵੇਂ ਸਰਜਨਾਂ ਨੂੰ ਪੇਟ ਚ ਕੁਝ ਦੇਖਣ ਦਾ ਨਵਾਂ ਚਾਅ
ਤਾਂਹੀ ਸ਼ਾਇਦ ਪ੍ਰਾਈਵੇਟ ਹਸਪਤਾਲ ਤੇ ਅੰਨ੍ਹੀ ਅਦਾਲਤ ਦੇ ਨੇੜੇ
ਡਰ ਕਰਕੇ ਰੁੱਖਾਂ ਹੇਠੋਂ ਛਾਂ ਵੀ ਮਰ ਜਾਂਦੀ ਹੈ-
ਜਦੋਂ ਭੁੱਖੀ ਆਂਦਰ ਤੜਫ਼ਦੀ ਹੈ-
ਮਾਂ ਦੀ ਹੀ ਯਾਦ ਆਉਂਦੀ ਹੈ
ਉੱਚੀ ਅਦਾਲਤ ਹੀ ਇੱਕ ਤਰਲਾ ਸੀ-
ਉਹਨੇ ਵੀ ਹਾਉਕੇ ਨਾ ਸੁਣੇ
ਅਦਾਲਤ ਦੀਆਂ ਪੌੜੀਆਂ ਨੂੰ ਵੀ
ਉੱਚੇ ਦਰਬਾਰਾਂ ਦੀ ਹੀ ਗੱਲ ਸੁਣਾਈ ਦਿੰਦੀ ਹੈ-
ਹੁਣ ਨਹਿਰ ਕਿਨਾਰੇ ਮਿਟਣਗੇ ਕਈ ਸੁਪਨੇ
ਰੁੱਖਾਂ ਦੀ ਮੌਤ ਆਏਗੀ-
ਹੁਕਮ ਦੀ ਤਾਮੀਲ ਨੱਚੇਗੀ-
ਹੇਜ਼ ਜਾਗੇਗਾ-ਘਰ ਨੂੰ ਤੁਰਨ ਲਗੀ ਮੁਟਿਆਰ ਨੂੰ
ਖਾਲੀ ਘੜ੍ਹਾ ਢਾਕ ਤੇ ਚੁੱਕੀ ਕੁਰਲਾਏਗੀ-
ਕਿ ਮੈਂ ਕਿਉਂ ਦੇਵਾਂ ਤੈਨੂੰ ਪਹਿਲਾਂ ਘੜਾ ਭਰਨ-
ਪਾਣੀ ਮੇਰੇ ਨੇ- ਤੇ ਘੜ੍ਹਾ ਵੀ-
ਕਿਰਤ ਕੁਰਲਾਏਗੀ-
ਰੁੱਖ ਤੇ ਪੁੱਠਾ ਲਟਕਦਾ ਕਿਸਾਨ ਕਹੇਗਾ-
ਮੈਂ ਕੀ ਲੈਣਾ ਨਹਿਰਾਂ ਦੇ ਵਹਿਰਾਂ ਤੋਂ
ਮੈਨੂੰ ਮੇਰਾ ਰੁਜ਼ਗਾਰ ਦਿਓ
ਕਰਜ਼ੇ ਦੀ ਦਲਦਲ ਚੋਂ ਕੱਢੋ-
ਲੋਕ ਸੇਵਕ ਫਿਰ ਕੱਠੇ ਹੋਣਗੇ
ਬਾਹਾਂ ਖੜ੍ਹੀਆਂ ਕਰ ਜ਼ੇਲ ਚ ਕੱਟਣਗੇ ਰਾਤ
ਸੂਰਜ ਸ਼ਰਮਾਂਦਾ ਛੁਪ ਜਾਵੇਗਾ
ਕੱਲ ਨੂੰ ਫਿਰ ਆ ਕੇ ਦੇਖੇਗਾ-
ਓਹੀ ਔਰਤ ਫਿਰ ਘੜ੍ਹਾ ਵਿਖਾ ਰਹੀ ਹੈ ਖਾਲੀ
ਜਿਹੜੀ ਕਈ ਸਾਲ ਬੋਤਲ ਦਾ ਪਾਣੀ ਪੀਂਦੀ ਰਹੀ
ਖੇਤਾਂ ਦੀ ਪਿਆਸ ਯਾਦ ਨਹੀ ਆਈ ਉਹਨੂੰ-
ਆਪਣੇ ਘਰ ਦੇ ਮਸਲੇ ਦੇਖਦੀ ਰਹੀ
ਦੂਰ ਕਿਤੇ ਬੈਠੀ ਮੰਜ਼ੀ ਡਾਹ ਕੇ-
ਤੇ ਅੱਜ ਨੀੰਦ ਤੋਂ ਜਾਗ ਰਹੀ ਹੈ-ਸੱਤਾ ਦੀ ਪਟਰਾਣੀ-
ਮੂਹਰੇ ਹੋ ਕੇ ਲੜ੍ਹੇਗੀ ਹੁਣ
ਲੰਮੀ ਬਾਂਹ ਕਰਕੇ-ਬਦੇਸ਼ੋਂ ਠੀਕ ਕਰਾ ਕੇ ਆਈ
ਹੁਣ ਇਹਨੂੰ ਨੀਂਦ ਨਹੀਂ ਆਉਣੀ
ਪਾਣੀ ਫਿਰ ਜਲਣਗੇ
ਭੁੱਖੇ-ਪੰਛੀ ਫਿਰ ਮਰਨਗੇ -
ਇਹਦੇ ਬੱਚਿਆਂ ਨੂੰ ਆਂਚ ਵੀ ਨਹੀਂ ਆਏਗੀ-
ਨਹਿਰ ਲੋਕਾਂ ਦੇ ਸੀਨੇ ਤੇ ਬਣੇਗੀ
ਹੱਕ ਫਿਰ ਦਫ਼ਨ ਹੋਣਗੇ
ਮਿੱਟੀ ਫਿਰ ਤੜਫ਼ੇਗੀ-
ਲੋਕ ਫਿਰ ਜੂਝਦੇ
ਕੁਝ ਘਰਾਂ ਨੂੰ ਮੁੜ ਜਾਣਗੇ
ਕੁਝ ਬੱਸਾਂ ਚ ਨਾਹਰੇ ਮਾਰਦੇ ਚੀਕਦੇ ਦਿਸਣਗੇ-
ਅਖ਼ਬਾਰ ਛਪੇਗੀ-
ਪੱਗ ਲਿੱਬੜੇਗੀ-
ਅੱਗ ਨੱਚੇਗੀ-

ਸਾਹਿਤ ਸਕਰੀਨ ਨਾਲ ਜੁੜਨ ਦਾ ਸੱਦਾ

ਵਰਕਸ਼ਾਪ ਵਿੱਚ ਕੰਪਿਊਟਰ ਦੀ ਲੁੜੀਂਦੀ ਟਰੇਨਿੰਗ ਅਤੇ ਹੋਰ ਗੁਰ ਵੀ ਸਿੱਖੋ 
ਪੰਜਾਬੀ ਸਾਹਿਤ ਵਿੱਚ ਵੀ ਬਹੁਤ ਕੁਝ ਰਚਿਆ ਜਾ ਰਿਹਾ ਹੈ। ਸਮੇਂ ਦੀਆਂ ਸਾਰੀਆਂ ਔਕੜਾਂ, ਮੁਸੀਬਤਾਂ ਅਤੇ ਰੁਕਾਵਟਾਂ  ਦੇ ਨਾਲ ਨਾਲ ਆਧੁਨਿਕ ਯੁਗ ਦੀ ਗੱਲ ਕਰਦਾ ਹੋਇਆ ਸਾਹਿਤ। ਸਾਡੀ ਕੋਸ਼ਿਸ਼ ਹੋਵੇਗੀ ਇਹਨਾਂ ਸਾਰੀਆਂ ਸਰਗਰਮੀਆਂ ਦੀ ਵੀ ਇੱਕ ਝਲਕ ਤੁਹਾਡੇ ਸਾਹਮਣੇ ਲਗਾਤਾਰ ਰੱਖ ਸਕੀਏ ਅਤੇ ਇਸਦੇ ਨਾਲ ਨਾਲ ਅਨਮੋਲ ਰਚਨਾਵਾਂ ਸੰਭਾਲਣ ਦਾ ਉਪਰਾਲਾ ਵੀ। ਅਸੀਂ ਵੀਡੀਓ ਝਲਕ ਦਿਖਾਉਣ ਦਾ ਪ੍ਰਬੰਧ ਵੀ ਜਲਦੀ ਹੀ ਕਰ ਰਹੇ ਹਾਂ। ਜੇ ਤੁਸੀਂ ਇਸ ਉਪਰਾਲੇ ਨਾਲ ਜੁੜ ਸਕੋ ਤਾਂ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੋਵੇਗੀ। ਇਸ ਮਕਸਦ ਲਈ ਇੱਛੁਕ ਮਿੱਤਰ ਆਪਣੀਆਂ ਤਿੰਨ ਰਚਨਾਵਾਂ, ਸਾਹਿਤਿਕ ਸਰਗਰਮੀਆਂ ਦਾ ਵੇਰਵਾ, ਤਿੰਨ ਤਾਜ਼ਾ ਤਸਵੀਰਾਂ, ਮੋਬਾਈਲ ਨੰਬਰ ਅਤੇ ਈਮੇਲ ਸਮੇਤ ਡਾਕ ਦਾ ਪੂਰਾ ਪਤਾ ਭੇਜਣ ਦੀ ਖੇਚਲ ਕਰਨ। ਲੋੜ ਮਹਿਸੂਸ ਹੋਣ ਤੇ ਉਹਨਾਂ ਨੂੰ ਸਾਹਿਤਿਕ ਪੱਤਰਕਾਰੀ ਵਾਸਤੇ ਆਯੋਜਿਤ ਕੀਤੀ ਜਾਣ ਵਾਲੀ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਦਾ ਮੌਕਾ ਵੀ ਦਿੱਤਾ ਜਾਵੇਗਾ।  
ਪੰਜਾਬੀ ਸਾਹਿਤਿਕ ਸਰਗਰਮੀਆਂ ਦੀ ਇੱਕ ਝਲਕ ਲਈ ਲਗਾਤਾਰ ਪੜ੍ਹੋ ਸਾਹਿਤ ਸਕਰੀਨ
ਸੰਪਰਕ ਈਮੇਲ:medialink32@gmail.com