ਮਨਜੀਤ ਇੰਦਰਾ ਨੇ ਸੂਤਰਧਾਰ ਵੱਜੋਂ ਸਮਝਾਈ ਨਾਲ ਅੱਜ ਦੀ ਪ੍ਰਸੰਗਿਕਤਾ
*ਤਿੰਨ ਪੀੜ੍ਹੀਆਂ ਦੇ ਤਿੰਨ ਵਕੀਲਾਂ ਦੀਆਂ ਤਿੰਨ ਪੁਸਤਕਾਂ ਦਾ ਪ੍ਰਭਾਵਸ਼ਾਲੀ ਇਕੱਠ ਵਿਚ ਲੋਕ-ਅਰਪਣ
*ਤਿੰਨੋਂ ਲੇਖਕਾਂ ਦੀਆਂ ਰਚਨਾਵਾਂ ਲੋਕ-ਪੱਖ ਨੂੰ ਪ੍ਰਣਾਈਆਂ ਹਨ–ਸੁਖਜੀਤ
*ਵਕਾਲਤ ਦੀ ਮਸ਼ਰੂਫੀਅਤ ਵਿੱਚ ਸਾਹਿਤ ਸਿਰਜਨਾ ਅਲੋਕਾਰਕ-ਜਸਟਿਸ ਜਸਬੀਰ ਸਿੰਘ
ਚੰਡੀਗੜ੍ਹ: 25 ਮਾਰਚ 2023: (ਕਾਰਤਿਕਾ ਸਿੰਘ//ਰੈਕਟਰ ਕਥੂਰੀਆ//ਸਾਹਿਤ ਸਕਰੀਨ)::
ਆਮ ਤੌਰ 'ਤੇ ਲੋਕਪੱਖੀ ਵਿਚਾਰਾਂ ਵਾਲੇ ਲੀਡਰਾਂ ਅਤੇ ਸਾਹਿਤਕਾਰਾਂ ਦੇ ਬੱਚੇ ਅਤੇ ਪਰਿਵਾਰ ਉਹਨਾਂ ਦੇ ਪਾਏ ਪੂਰਨਿਆਂ ਤੇ ਨਹੀਂ ਚੱਲਦੇ। ਪ੍ਰਤੀਬੱਧ ਸ਼ਖਸੀਅਤਾਂ ਦੀ ਪ੍ਰਤੀਬੱਧਤਾ ਉਹਨਾਂ ਦੀ ਉਮਰ ਦੇ ਨਾਲ ਹੀ ਪੁੱਗ ਜਾਂਦੀ ਹੈ। ਇਸ ਰੁਝਾਣ ਦੇ ਬਾਵਜੂਦ ਕਈ ਪਰਿਵਾਰ ਅਜਿਹੇ ਹਨ ਜਿਹਨਾਂ ਨੇ ਇਸ ਰੁਝਾਨ ਦੇ ਖਿਲਾਫ ਵੀ ਮਿਸਾਲਾਂ ਪੈਦਾ ਕੀਤੀਆਂ ਹਨ।
ਉਹਨਾਂ ਵਿੱਚੋਂ ਹੀ ਪ੍ਰਸਿੱਧ ਲੇਖਕ ਸੰਤੋਖ ਸਿੰਘ ਧੀਰ ਹੁਰਾਂ ਦਾ ਖਾਨਦਾਨ ਵੀ ਇੱਕ ਹੈ। ਭਾਵੇਂ ਨਵਾਂ ਜ਼ਮਾਨਾ ਵਿੱਚ ਇਤਿਹਾਸ ਰਚਣ ਵਾਲਾ ਹਰਮਨ ਪਿਆਰਾ ਪੱਤਰਕਾਰ ਬਲਜੀਤ ਪੰਨੂ ਸੀ, ਭਾਵੇਂ ਖਾਲਿਸਤਾਨੀਆਂ ਹੱਥੋਂ ਸ਼ਹੀਦ ਹੋਇਆ ਰੋਜ਼ਾਨਾ ਜਗਬਾਣੀ ਦਾ ਨਿਊਜ਼ ਐਡੀਟਰ ਬੰਤ ਰਾਏਪੁਰੀ ਸੀ ਤੇ ਭਾਵੇਂ ਅੱਜ ਦੀ ਡਿਜੀਟਲ ਪੱਤਰਕਾਰੀ ਵਿਚ ਵੀ ਕਮਾਲ ਦਿਖਾ ਰਿਹਾ ਵਿਸ਼ਵ ਵਾਰਤਾ ਮੀਡੀਆ ਦਾ ਸੰਚਾਲਕ ਆਧੁਨਿਕ ਪੱਤਰਕਾਰ ਦਵਿੰਦਰਜੀਤ ਸਿੰਘ ਦਰਸ਼ੀ। ਇਹਨਾਂ ਨੇ ਆਪਣੀਆਂ ਸਾਰੀਆਂ ਉਮਰਾਂ ਇਸ ਵਿਚਾਰਧਾਰਾ ਦੇ ਲੇਖੇ ਲਾਈਆਂ ਜਿਹੜੀ ਲੋਕਾਂ ਦੇ ਹੱਕ ਵਿਚ ਖੜੀ ਹੁੰਦੀ ਰਹੀ। ਧਮਕੀਆਂ ਵਾਲੀਆਂ ਹਨੇਰੀਆਂ ਦਾ ਵੀ ਸਾਹਮਣਾ ਕਰਦੀ ਰਹੀ ਅਤੇ ਸੱਤਾ ਦੇ ਦਾਬਿਆਂ ਦਾ ਵੀ। ਇਸ ਪੂਰੇ ਕਾਫ਼ਿਲੇ ਵਿਚ ਹੁਣ ਕਈ ਪਰਿਵਾਰ ਬਣ ਚੁੱਕੇ ਹਨ। ਇਹਨਾਂ ਲੋਕ ਪੱਖੀ ਪਰਿਵਾਰਾਂ ਵਿੱਚੋਂ ਹੀ ਤਿੰਨ ਚਿਹਰੇ ਉਸ ਦਿਨ ਚੰਡੀਗੜ੍ਹ ਦੇ ਲਾਅ ਭਵਨ ਵਿਚ ਵੀ ਸਾਹਮਣੇ ਆਏ। ਉਸ ਦਿਨ ਤਿੰਨਾਂ ਪੀੜ੍ਹੀਆਂ ਦੇ ਤਿੰਨ ਵਕੀਲ ਲੇਖਕਾਂ ਦੀਆਂ ਤਿੰਨ ਕਿਤਾਬਾਂ ਲੋਕ ਅਰਪਣ ਹੋਈਆਂ।
ਉਂਝ ਤਾਂ ਇਹ ਸਮਾਗਮ ਵੀ ਪੁਸਤਕਾਂ ਦੇ ਲੋਕ ਅਰਪਣ ਦਾ ਸਮਾਗਮ ਹੀ ਸੀ ਪਰ ਇਸ ਦੇ ਸੂਤਰਧਾਰ ਵੱਜੋਂ ਇਸ ਸਮਾਗਮ ਵਿੱਚ ਸਾਡੇ ਸਮਿਆਂ ਦੀ ਬੇਬਾਕ ਸ਼ਾਇਰਾ ਮਨਜੀਤ ਇੰਦਰਾ ਇਸ ਸਮਾਗਮ ਨੂੰ ਆਪਣੇ ਵਿਲੱਖਣ ਅੰਦਾਜ਼ ਨਾਲ ਕਿਸੇ ਦਸਤਾਵੇਜ਼ੀ ਟੀ ਵੀ ਡਿਬੇਟ ਵਾਂਗ ਚਲਾ ਰਹੀ ਸੀ। ਇਸ ਅੰਦਾਜ਼ ਨੇ ਜਿਥੇ ਇਸ ਪ੍ਹੋਰੋਗ੍ਈਰਾਮ ਨੂੰ ਬਹੁਤ ਹੀ ਦਿਲਚਸਪ ਬਣਾ ਦਿੱਤਾ ਉੱਠੇ ਰਿਲੀਜ਼ ਹੋਇਆਂ ਪੁਸਤਕਾਂ ਵਿਚਲੇ ਸੁਨੇਹੇ ਨੂੰ ਵੀ ਦੂਰ ਦੁਰਾਡੇ ਦੀ ਦੁਨੀਆ ਦੇ ਕੋਨੇ ਕੋਨੇ ਤੱਕ ਹਰ ਉਸ ਥਾਂ ਪਹੁੰਚਾਇਆ ਜਿਥੇ ਵੀ ਪੋੰਜਾਬੀ ਪਾਠਕ ਅਤੇ ਸਰੋਤੇ ਮੌਜੂਦ ਹਨ। ਵਿਚਾਰਧਾਰਾ ਨੂੰ ਪ੍ਰਣਾਏ ਸਾਹਿਤ ਲਈ ਅਜਿਹੇ ਪ੍ਰੋਗ੍ਰਾਮ ਹੀ ਹੋਣੇ ਚਾਹੀਦੇ ਹਨ।
ਮੈਡਮ ਮਨਜੀਤ ਇੰਦਰਾ ਨੇ ਇਸ ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਕਰਦਿਆਂ ਇਥੇ ਮੌਜੂਦ ਤਿੰਨਾਂ ਪੀੜ੍ਹੀਆਂ ਦੇ ਉਹਨਾਂ ਤਿੰਨ ਲੇਖਕਾਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ ਅਤੀਤ ਨਾਲ ਵੀ ਜੋੜਿਆ, ਵਰਤਮਾਨ ਨਾਲ ਵੀ ਅਤੇ ਅਣਗਿਣਤ ਕਿਆਸਰਾਈਆਂ ਨਾਲ ਭਰੇ ਭਵਿੱਖ ਨਾਲ ਵੀ। ਮਾਣਯੋਗ ਮਨਜੀਤ ਇੰਦਰਾ ਨੇ ਰਿਪੁਦਮਨ ਸਿੰਘ ਰੂਪ ਦੇ ਨਾਵਲ ਪ੍ਰੀਤੀ ਦੇ ਹਵਾਲੇ ਨਾਲ ਆਪਣੀਆਂ ਹੋਸਟਲ ਵਾਲੀਆਂ ਬਹੁਤ ਹੀ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਅਤੇ ਅੱਜ ਦੇ ਆਧੁਨਿਕ ਜੁਗ ਦੀ ਤਰੱਕੀ ਵੱਲ ਸੁਆਲ ਉਠਾਉਂਦਿਆਂ ਯਾਦ ਕਰਾਇਆ ਕਿ ਕੁੜੀਆਂ ਨਾਲ ਵਿਤਕਰਿਆਂ ਦਾ ਸਿਲਸਿਲਾ ਦਹਾਕਿਆਂ ਪਹਿਲਾਂ ਵੀ ਜਾਰੀ ਸੀ। ਉਦੋਂ ਵੀ ਕਾਨੂੰਨ ਅਤੇ ਨਿਯਮ ਮੁੰਡਿਆਂ ਲਈ ਹੋਰ ਅਤੇ ਕੁੜੀਆਂ ਲਈ ਹੋਰ ਹੋਇਆ ਕਰਦੇ ਸਨ। ਅਜੀਬ ਇਤਫਾਕ ਹੈ ਕਿ ਅੱਜ ਵੀ ਕੁੜੀਆਂ ਨੂੰ ਆਪਣੇ ਅਧਿਕਾਰਾਂ ਲਈ ਬਹੁਤ ਸਾਰੇ ਸੰਘਰਸ਼ ਕਰਨੇ ਪੈਂਦੇ ਹਨ।
ਸਮਾਜ ਵਿੱਚ ਜਾਰੀ ਵਿਤਕਰੇ ਦੀ ਹਕੀਕਤ ਨੂੰ ਬਹੁਤ ਹੀ ਸ਼ਾਂਤ ਅਤੇ ਸੱਭਿਅਕ ਅੰਦਾਜ਼ ਨਾਲ ਉਠਾਉਣ ਲਈ ਸ਼ਾਇਰੀ ਅਤੇ ਵਾਰਤਕ ਵਿਚ ਡੂੰਘੀਆਂ ਰਮਜ਼ਾਂ ਵਰਗੀਆਂ ਬਾਤਾਂ ਪਾਉਣ ਵਾਲੀ ਕਲਮਕਾਰਾ ਮਨਜੀਤ ਇੰਦਰਾ ਇਸ ਸਮਾਗਮ ਦੇ ਮੇਲ ਮੌਕੇ ਨੂੰ ਬਹੁਤ ਹੀ ਸਫਲਤਾ ਨਾਲ ਵਰਤਣ ਵਿਚ ਬੇਹੱਦ ਸਫਲ ਵੀ ਰਹੀ। ਕਿਸੇ ਦਸਤਾਵੇਜ਼ੀ ਪੁਸਤਕ ਵਾਂਗ "ਤਾਰਿਆਂ ਦਾ ਛੱਜ" ਵਰਗੀ ਇਤਿਹਾਸਿਕ ਰਚਨਾ ਲਿਖਣ ਵਾਲੀ ਇਸ ਮਹਾਨ ਲੇਖਿਕਾ ਨੇ ਆਪਣੇ ਵੱਖਰੇ ਜਿਹੇ ਅੰਦਾਜ਼ ਵਿਚ ਹੀ ਇਸ ਅੰਦਾਜ਼ ਨਾਲ ਰੂਬਰੂ ਨਾਲ ਤਿੰਨਾਂ ਲੇਖਕਾਂ ਨੂੰ ਰੂਬਰੂ ਕਰਵਾਇਆ ਕਿ ਸਰੋਤਿਆਂ ਅਤੇ ਦਰਸ਼ਕਾਂ ਸਾਹਮਣੇ ਆਏ ਲੇਖਕਾਂ ਦੇ ਜੁਆਬ ਬਹੁਤ ਕੁਝ ਹੋਰ ਵੀ ਦੱਸ ਗਏ ਜਿਹੜਾ ਉਂਝ ਸ਼ਾਇਦ ਪਾਠਕਾਂ ਸਾਹਮਣੇ ਨਾ ਵੀ ਆਉਂਦਾ। ਇਹ ਕਮਾਲ ਮਨਜੀਤ ਇੰਦਰ ਵੱਲੋਂ ਕੀਤੇ ਗਏ ਸੁਆਲਾਂ ਦਾ ਵੀ ਸੀ।
ਮਨਪਸੰਦ ਕਵਿਤਾ ਬਾਰੇ ਪੁਛੇ ਗਏ ਇੱਕ ਸੁਆਲ ਦਾ ਜੁਆਬ ਦੇਂਦਿਆਂ ਉਥੇ ਮੌਜੂਦ ਵਕੀਲ ਲੇਖਕ ਰੰਜੀਵਨ ਹੁਰਾਂ ਆਪਣੀ ਪਸੰਦ ਦੀ ਕਵਿਤਾ ਪੜ੍ਹੀ-ਬੇਅਦਬੀ। ਉਸ ਕਵਿਤਾ ਪਾਠ ਨੂੰ ਸੁਣਦਿਆਂ ਕੁਝ ਪਲਾਂ ਲਈ ਤਾਂ ਜ਼ਹਿਨ ਵਿਚ ਪੰਜਾਬ ਵਿਚਲੀ ਮੌਜੂਦਾ ਸਥਿਤੀ ਦੇ ਦ੍ਰਿਸ਼ ਸਾਹਮਣੇ ਆਉਣ ਲੱਗ ਪਏ। ਉਹਨਾਂ ਮੰਚ ਤੋਂ ਪੜ੍ਹਿਆ:
ਮੇਰੇ ਗੁਰਾਂ ਦੀ ਸੁੱਚੀ ਬਾਣੀ ਦੀ
ਹੁੰਦੀ ਬੇਅਦਬੀ ਉਦੋਂ ਵੀ
ਵਿੱਚ ਤਾਬਿਆ ਜਦੋਂ ਲੱਥਦੀਆਂ
ਗੁਰ ਸਾਜੀਆਂ ਦਸਤਾਰਾਂ
ਲਹਿਰਦੀਆਂ ਨੇ ਤਲਵਾਰਾਂ
ਪੂਰੀ ਰਚਨਾ ਪੜ੍ਹਨ ਲਈ ਇਥੇ ਕਲਿੱਕ ਕਰ ਸਕਦੇ ਹੋ
ਸਾਹਿਤ ਦੇ ਖੇਤਰ ਵਿਚ ਇਕ ਨਵੇਕਲੀ ਮਿਸਾਲ ਪੈਦਾ ਕਰਦਿਆਂ ਸਰਘੀ ਕਲਾ ਕੇਂਦਰ (ਰਜਿ.) ਮੁਹਾਲੀ ਵੱਲੋਂ ਤਿੰਨ ਪੀੜ੍ਹੀਆਂ ਦੇ ਤਿੰਨ ਵਕੀਲਾਂ ਦੀਆਂ ਤਿੰਨ ਪੁਸਤਕਾਂ ਦਾ ਲੋਕ-ਅਰਪਣ ਸਾਹਿਤਕਾਰਾਂ, ਬੁੱਧੀਜੀਵੀਆਂ, ਅਲੋਚਕਾਂ ਅਤੇ ਰੰਗਕਰਮੀਆਂ ਦੇ ਪ੍ਰਭਾਵਸ਼ਾਲੀ ਇਕੱਠ ਵਿਚ ਸ੍ਰੀ ਰਿਪੁਦਮਨ ਸਿੰਘ ਰੂਪ ਦਾ ਸਿਖਿਆ ਸੰਸਥਾਵਾਂ ਵਿਚ ਪਣਪ ਰਹੇ ਗੈਂਗਸਟਰਵਾਦ ਵਿਰੁੱਧ ਅਵਾਜ਼ ਬੁਲੰਦ ਕਰਦੇ ਨਾਵਲ ‘ਪ੍ਰੀਤੀ’, ਉੇਨਾਂ ਦੇ ਪੁੱਤਰ ਰੰਜੀਵਨ ਸਿੰਘ ਦਾ ਭੱਖਦੇ ਸਮਾਜਿਕ ਮਸਲੇ ਉਭਾਰਦੇ ਕਾਵਿ-ਸੰਗ੍ਰਿਹ ‘ਸੁਰਖ਼ ਹਵਾਵਾਂ’ ਅਤੇ ਸ੍ਰੀ ਰੂਪ ਦੇ ਪੋਤਰੇ ਰਿਸ਼ਮਰਾਗ ਸਿੰਘ ਦੇ ਸੱਭਿਅਕ ਅਤੇ ਸੁੱਥਰੇ ਗੀਤਾਂ ਦੀ ਪੁਸਤਕ ‘ਇਕਤਰਫ਼ਾ’ ਦਾ ਲੋਕ-ਅਰਪਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੇਵਾ ਮੁਕਤ ਜਸਟਿਸ ਸ੍ਰੀ ਜਸਬੀਰ ਸਿੰਘ, ਕਹਾਣੀਕਾਰ ਸ੍ਰੀ ਸੁਖਜੀਤ, ਸ਼੍ਰੋਮਣੀ ਕਵੀ ਮਨਜੀਤ ਇੰਦਰਾ, ਸਰਘੀ ਕਲਾ ਕੇਂਦਰ ਦੇ ਪ੍ਰਧਾਨ ਸੰਜੀਵਨ ਸਿੰਘ, ਰੰਗਕਰਮੀ ਅਤੇ ਫਿਲਮ ਅਦਾਕਾਰ ਸੰਜੀਵ ਦੀਵਾਨ ‘ਕੁੱਕੂ ਅਤੇ ਤਿੰਨਾਂ ਕਿਤਾਬਾਂ ਦੇ ਲੇਖਕਾਂ ਨੇ ਚੰਡੀਗੜ੍ਹ ਦੇ ਲਾਅ ਭਵਨ ਵਿੱਖੇ ਸਾਂਝੇ ਤੌਰ ’ਤੇ ਕੀਤਾ।
ਪ੍ਰਧਾਨਗੀ ਬੋਲਾਂ ਵਿਚ ਸ੍ਰੀ ਸੁਖਜੀਤ ਨੇ ਕਿਹਾ ਕਿ ਅਸੀਂ ਮੁੱਢ ਤੋਂ ਹੀ ਇਸ ਵਿਚਾਰਧਾਰਾ ਨਾਲ ਵਰ ਮੇਚਦੇ ਆਏ ਹਾਂ ਕਿ ਕਲਾ ਕਲਾ ਲਈ ਨਹੀਂ, ਕਲਾ ਜੀਵਨ ਲਈ ਹੈ ਅਤੇ ਰੂਪ ਸਾਹਿਬ, ਰੰਜੀਵਨ ਤੇ ਰਿਸ਼ਮ ਦੀਆਂ ਇਹ ਰਚਾਨਵਾਂ ਇਸੇ ਵਿਚਾਰਧਾਰਾ ਨੂੰ ਪ੍ਰਣਾਈਆਂ ਹੋਈਆਂ ਹਨ।
ਇਸ ਮੌਕੇ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਸੇਵਾ-ਮੁਕਤ ਜਸਟਿਸ ਸ੍ਰੀ ਜਸਬੀਰ ਸਿੰਘ ਨੇ ਕਿਹਾ ਕਿ ਇਹ ਅਨੋਖੀ ਅਤੇ ਵਿਸ਼ੇਸ਼ ਗੱਲ ਹੈ ਕਿ ਵਕਾਲਤ ਦੀ ਮਸ਼ਰੂਫੀਅਤ ਵਿਚ ਵੀ ਇਹ ਤਿੰਨੇ ਲੇਖਕ, ਜੋ ਤਿੰਨ ਪੀੜੀਆਂ ਵੀ ਹਨ, ਸਾਹਿਤਕਾਰੀ ਵਿਚ ਵੀ ਤਨਦੇਹੀ ਨਾਲ ਸਰਗਰਮ ਹਨ ਅਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਸਾਰੇ ਦੇ ਸਾਰੇ ਰਹਿ ਵੀ ਇੱਕੋ ਛੱਤ ਥੱਲੇ ਹਨ।
ਇਸ ਅਵਸਰ ਸ੍ਰੀ ਰਿਪੁਦਮਨ ਸਿੰਘ ਰੂਪ, ਰੰਜੀਵਨ ਸਿੰਘ ਅਤੇ ਰਿਸ਼ਮਰਾਗ ਸਿੰਘ ਨੇ ਆਪਣੀ ਰਚਨਾ ਪ੍ਰਕਿਰਿਆ ਬਾਰੇ ਸਾਂਝੀ ਗੱਲ ਕਰਦੇ ਕਿਹਾ ਕਿ ਲੋਕ-ਪੱਖੀ ਸਾਹਿਤ ਦੀ ਰਚਣ ਦੀ ਪ੍ਰੇਣਾ ਦਾ ਸਰੋਤ ਸਾਡਾ ਸਾਹਿਤਕ ਵਿਰਸਾ ਹੈ ਤੇ ਅਸੀਂ ਇਕ ਦੂਜੇ ਦੇ ਪਹਿਲੇ ਪਾਠਕ ਅਤੇ ਅਲੋਚਕ ਵੀ ਹਾਂ।ਉਨਾਂ ਕਿਹਾ ਕਿ ਸਾਡੀਆਂ ਰਚਨਾਵਾਂ ਦਾ ਮੁੱਖ ਮਕਸਦ ਇਕ ਨਿਰੋਏ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਹੈ।
ਲੋਕ-ਅਰਪਣ ਸਮਾਗਮ ਦੌਰਾਨ ਸੂਤਰਧਾਰ ਦੀ ਭੂਮਿਕਾ ਅਦਾ ਕਰਦਿਆਂ ਸ਼੍ਰੋਮਣੀ ਕਵੀ ਮਨਜੀਤ ਇੰਦਰਾ ਨੇ ਕਿਹਾ ਕਿ ਸਾਹਿਤ ਦੇ ਖੇਤਰ ਵਿਚ ਇਹ ਬਹੁੱਤ ਘੱਟ ਹੋਇਆ ਹੋਵੇਗਾ ਕਿ ਤਿੰਨ ਪੀੜੀਆਂ ਇੱਕੋ ਸਮੇਂ ਸਾਹਿਤ ਦੇ ਖੇਤਰ ਵਿਚ ਸਰਗਰਮੀ ਨਾਲ ਵਿਚਰ ਰਹੀਆਂ ਹੋਣ ਅਤੇ ਉਨਾਂ ਦੀ ਪੁਸਤਕਾਂ ਇਕੋ ਦਿਨ ਲੋਕ-ਅਰਪਤ ਹੋ ਰਹੀਆਂ ਹੋਣ।ਸਮਾਗਮ ਦੇ ਦੂਜੇ ਪੜਾਅ ਵਿਚ ਰੰਜੀਵਨ ਦੀਆਂ ਕਵਿਤਾਵਾਂ ਅਤੇ ਰਿਸ਼ਮਰਾਗ ਦੇ ਗੀਤਾਂ ਸਕਰਿੰਨਗ ਤੋਂ ਇਲਾਵਾ ਹਿਮਾਂਸ਼ੂ ਸ਼ਰਮਾਂ ਵੱਲੋਂ ਰਿਸ਼ਮਰਾਗ ਦੇ ਗਾਏ ਗੀਤਾਂ ਦਾ ਹਾਜ਼ਰੀਨ ਨੇ ਆਨੰਦ ਮਾਣਿਆ।ਸਰਘੀ ਪ੍ਰੀਵਾਰ ਦੀ ਅਦਾਕਾਰਾ ਅਤੇ ਕਵਿੱਤਰੀ ਰਿੱਤੂ ਰਾਗ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਰੰਜੀਵਨ ਦੀ ਪੂਰੀ ਰਚਨਾ ਪੜ੍ਹਨ ਲਈ ਇਥੇ ਕਲਿੱਕ ਕਰ ਸਕਦੇ ਹੋ
ਇਸ ਮੌਕੇ ਹੋਰਨਾ ਤੋਂ ਇਲਾਵਾ ਸੂਬੀਰ ਸਿੱਧੂ, ਚੇਅਰਮੈਨ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ, ਐਡਵੋਕੇਟ ਜੋਗਿੰਦਰ ਸਿੰਘ ਤੂਰ, ਦਵਿੰਦਰ ਜਟਾਣਾ, ਗੁਰਨਾਮ ਕੰਵਰ, ਡਾ, ਜਸਪਾਲ ਸਿੰਘ, ਡਾ. ਸਿੰਦਰਪਾਲ ਸਿੰਘ, ਕੁਲਜੀਤ ਸਿੰਘ ਬੇਦੀ, ਡਿਪਟੀ ਮੇਅਰ, ਮੁਹਾਲੀ, ਡਾ. ਸੁਰਿੰਦਰ ਗਿੱਲ, ਸ਼ੁਸੀਲ ਦੁਸਾਂਝ, ਦੀਪਕ ਚਰਨਾਰਥਲ, ਪ੍ਰਦੀਪ ਦੋਧਰੀਆ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਕਮਲ ਦੁਸਾਂਝ, ਊਸ਼ਾ ਕੰਵਲ, ਭੁਪਿੰਦਰ ਮਲਿਕ, ਬਲਵਿੰਦਰ ਊਤਮ, ਰਣਜੀਤ ਸਿੰਘ ਹੰਸ, ਸਰਦਾਰਾ ਸਿੰਘ ਚੀਮਾ, ਗੁਰਦਰਸ਼ਨਮਾਵੀ, ਐਡਵੋਕੇਟ, ਐਡਵੋਕੇਟ ਜਸਮੀਤ ਭਾਟੀਆਂ, ਐਡਵੋਕੇਟ ਦਿਨੇਸ਼ ਝਾਂਗੜਾ, ਕਰਮ ਸਿੰਘ ਧਨੋਆ, ਕੁਲਵੰਤ ਭਾਟੀਆਂ, ਗੁਰਮੇਲ ਸਿੰਘ ਸਿੱਧੂ, ਪਾਲ ਅਜਨਬੀ ਸ਼ਾਮਿਲ ਹੋਏ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment