ਕਈ ਪੁਸਤਕਾਂ ਇੱਕੋ ਵੇਲੇ ਰਿਲੀਜ਼--ਉੱਘੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ
ਫ਼ਿਰੋਜ਼ਪੁਰ: 5 ਮਈ 2022: (ਸਾਹਿਤ ਸਕਰੀਨ ਬਿਊਰੋ)::
ਸ਼ਬਦ ਸਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:) ਵੱਲੋਂ ਪੰਜਾਬੀ ਵਿਭਾਗ ਆਰ.ਐਸ.ਡੀ.ਕਾਲਜ ਦੇ ਸਹਿਯੋਗ ਨਾਲ ਪੁਸਤਕਾਂ ਦੀ ਘੁੰਡ ਚੁਕਾਈ ਲਈ ਇੱਕ ਸਾਦਾ ਪਰ ਭਾਵਪੂਰਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਉੱਘੇ ਸ਼ਾਇਰ ਗੁਰਤੇਜ ਕੋਹਾਰਵਾਲਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਜਦੋਂ ਕਿ ਪ੍ਰਧਾਨਗੀ ਪ੍ਰਿੰਸੀਪਲ ਅਸ਼ੋਕ ਗੁਪਤਾ ਨੇ ਕੀਤੀ। ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਪ੍ਰੋ.ਕੁਲਦੀਪ ਨੇ ਵਿਸ਼ੇਸ਼ ਮਹਿਮਾਨ ਦੇ ਵਜੋਂ ਸ਼ਮੂਲੀਅਤ ਕੀਤੀ। ਸਮਾਗਮ ਦੀ ਕਾਰਵਾਈ ਚਲਾਉਣ ਦਾ ਜ਼ਿੰਮਾ ਨੌਜਵਾਨ ਸ਼ਾਇਰ ਅਤੇ ਕਲਾਪੀਠ ਦੇ ਜਨਰਲ ਸਕੱਤਰ ਅਨਿਲ ਆਦਮ ਨੇ ਬਖ਼ੂਬੀ ਸੰਭਾਲਿਆ ।
ਪੰਜਾਬੀ ਵਿਭਾਗ ਦੇ ਮੁਖੀ ਪ੍ਰੋ.ਕੁਲਦੀਪ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਵਿਭਾਗ ਅਤੇ ਕਲਾਪੀਠ ਦੀਆਂ ਸਰਗਰਮੀਆਂ ਤੇ ਭਰਪੂਰ ਚਾਨਣਾ ਪਾਇਆ। ਮਾਹੌਲ ਨੂੰ ਕਾਵਿਕ ਰੰਗ ਦੇਣ ਲਈ ਸੁਖਵਿੰਦਰ ਜੋਸ਼ , ਸੁਖਦੇਵ ਭੱਟੀ ਅਤੇ ਮੀਨਾ ਮਹਿਰੋਕ ਨੇ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਲਵਾਈ।
ਡਾ.ਅਮਨਦੀਪ ਸਿੰਘ ਨੇ ਸ਼ਾਇਰਾ ਅਤੇ ਚਿੰਤਕ ਡਾ. ਮਨਜੀਤ ਕੌਰ ਆਜ਼ਾਦ ਦੀ ਕਿਤਾਬ " ਵਿਸ਼ਵ ਸਭਿਆਚਾਰ ਬਨਾਮ ਸਥਾਨਕ ਸਭਿਆਚਾਰ " ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਪੁਸਤਕ ਵਿੱਚ ਦਰਜ ਵਿਸ਼ਵ ਸਭਿਆਚਾਰ ਅਤੇ ਸਥਾਨਕ ਸਭਿਆਚਾਰਾਂ ਦੇ ਟਕਰਾਵਾਂ ਦੀ ਚਰਚਾ ਕੀਤੀ ਅਤੇ ਖ਼ਪਤ ਸਭਿਆਚਾਰ ਦੀ ਚੌਧਰ ਦੀ ਸਥਾਪਨਾ ਦੇ ਕਾਰਨਾਂ ਨੂੰ ਭਲੀਭਾਂਤ ਨੋਟ ਕੀਤਾ।
ਸੂਫ਼ੀ ਕਵੀ ਬੁੱਲ੍ਹੇ ਸ਼ਾਹ ਦੇ ਕਲਾਮ ਦੀ ਵਿਆਖਿਆ ਕਰਨ ਵਾਲੀ ਪ੍ਰੋ.ਜਸਪਾਲ ਘਈ ਦੀ ਪੁਸਤਕ " ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ " ਅਤੇ " ਮਹਾਰਾਣੀ ਜਿੰਦਾਂ ਦੀ ਜੀਵਨ - ਗਾਥਾ " ਬਾਰੇ ਵਿਸਥਾਰ ਸਹਿਤ ਚਰਚਾ ਕਰਦਿਆਂ ਨੌਜਵਾਨ ਚਿੰਤਕ ਸੁਖਜਿੰਦਰ ਨੇ ਇਹਨਾਂ ਵਿਸ਼ਿਆਂ ਤੇ ਲਿਖੀਆਂ ਪਹਿਲੀਆਂ ਕਿਤਾਬਾਂ ਦੀ ਲੜੀ ਵਿੱਚ ਇਹਨਾਂ ਕਿਤਾਬਾਂ ਵਿਚਲੇ ਕਾਰਜ ਦੀ ਮਹੱਤਤਾ ਦੀ ਨਿਸ਼ਾਨਦੇਹੀ ਕੀਤੀ ਅਤੇ ਕਿਹਾ ਕਿ ਜਸਪਾਲ ਘਈ ਦੀਆਂ ਪੁਸਤਕਾਂ ਪੰਜਾਬ ਦੇ ਇਤਿਹਾਸ ਦੇ ਦੋ ਅਜਿਹੇ ਮਹੱਤਵਪੂਰਨ ਕਿਰਦਾਰਾਂ ਦੇ ਵਿਚਾਰਾਂ ਅਤੇ ਸਰਗਰਮੀਆਂ ਉੱਪਰ ਝਾਤ ਪੁਆਉਂਦੀਆਂ ਹਨ ਜਿੰਨਾ ਨੇ ਪੰਜਾਬ ਦੇ ਇਤਿਹਾਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।
ਉਪਰੰਤ ਪ੍ਰਧਾਨਗੀ ਮੰਡਲ,ਬਲਵਿੰਦਰ ਪਨੇਸਰ , ਗੁਰਦਿਆਲ ਸਿੰਘ ਵਿਰਕ , ਸੁਖਜਿੰਦਰ ,ਮੀਨਾ ਮਹਿਰੋਕ ਸੁਰਿੰਦਰ ਕੰਬੋਜ , ਹਰਮੀਤ ਵਿਦਿਆਰਥੀ ਅਤੇ ਅਨਿਲ ਆਦਮ ਵੱਲੋਂ ਡਾ.ਮਨਜੀਤ ਕੌਰ ਆਜ਼ਾਦ ਦੀ ਕਿਤਾਬ " ਵਿਸ਼ਵ ਸਭਿਆਚਾਰ ਬਨਾਮ ਸਥਾਨਕ ਸਭਿਆਚਾਰ " ਅਤੇ ਪ੍ਰੋ.ਜਸਪਾਲ ਘਈ ਦੀਆਂ ਪੁਸਤਕਾਂ " ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ " ਅਤੇ " ਮਹਾਰਾਣੀ ਜਿੰਦਾਂ ਦੀ ਜੀਵਨ-ਗਾਥਾ " ਦੀ ਮੁੱਖ ਵਿਖਾਲੀ ਦੀ ਰਸਮ ਅਦਾ ਕੀਤੀ ਗਈ।
ਡਾ.ਜਗਦੀਪ ਸਿੰਘ ਸੰਧੂ ਨੇ ਜਿੱਥੇ ਦੋਹਾਂ ਲੇਖਕਾਂ ਨੂੰ ਮੁਬਾਰਕਬਾਦ ਦਿੱਤੀ ਉੱਥੇ ਕਲਾਪੀਠ ਨੂੰ ਇਸ ਸਮਾਗਮ ਦੇ ਆਯੋਜਨ ਲਈ ਵਧਾਈ ਦਿੱਤੀ। ਪ੍ਰਿੰ. ਅਸ਼ੋਕ ਗੁਪਤਾ ਨੇ ਦੋਹਾਂ ਲੇਖਕਾਂ ਦੀਆਂ ਪ੍ਰਾਪਤੀਆਂ ਨੂੰ ਆਪਣੇ ਕਾਲਜ ਲਈ ਵੀ ਮਾਣਮੱਤੀਆਂ ਦੱਸਿਆ ਅਤੇ ਸਾਹਿਤਕ ਸਮਾਗਮਾਂ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ।
ਪ੍ਰੋ.ਜਸਪਾਲ ਘਈ ਅਤੇ ਡਾ.ਮਨਜੀਤ ਕੌਰ ਆਜ਼ਾਦ ਨੇ ਆਪਣੇ ਸੰਬੋਧਨ ਵਿੱਚ ਨਾ ਕੇਵਲ ਇਹਨਾਂ ਪੁਸਤਕਾਂ ਦੀ ਰਚਨਾ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਨਾਲ ਦੀ ਨਾਲ ਹੀ ਪੰਜਾਬੀ ਵਿਭਾਗ ਅਤੇ ਕਲਾਪੀਠ ਦਾ ਧੰਨਵਾਦ ਵੀ ਕੀਤਾ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪੰਜਾਬੀ ਦੇ ਸਮਰੱਥ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਨੇ ਕਿਹਾ ਕਿ ਆਪਣੇ ਸਮੇਂ ਦੇ ਸੰਕਟਾਂ ਦੀ ਨਿਸ਼ਾਨਦੇਹੀ ਅਤੇ ਉਹਨਾਂ ਦੇ ਹੱਲ ਲਈ ਆਪਣੇ ਇਤਿਹਾਸ ਵੱਲ ਵਾਰ ਵਾਰ ਜਾਣਾ ਚਾਹੀਦਾ ਹੈ । ਇਹ ਤਿੰਨੇ ਕਿਤਾਬਾਂ ਸਾਨੂੰ ਇਸ ਕਾਰਜ ਲਈ ਪ੍ਰੇਰਿਤ ਕਰਦੀਆਂ ਹਨ।
ਢਾਈ ਘੰਟੇ ਚੱਲੇ ਇਸ ਸਮਾਗਮ ਵਿੱਚ ਸੰਜੀਵ ਪ੍ਰਚੰਡ , ਡਾ.ਆਜ਼ਾਦਵਿੰਦਰ ਸਿੰਘ , ਕਮਲ ਸ਼ਰਮਾ , ਜੁਗਰਾਜ ਸਿੰਘ ਆਸਟ੍ਰੇਲੀਆ , ਲਕਸ਼ਮਿੰਦਰ ਸਿੰਘ , ਅਜੀਤਪਾਲ ਸਿੰਘ ,ਪ੍ਰੋ.ਨਰੇਸ਼ ,ਪ੍ਰੋ.ਸੁਖਦੇਵ , ਪ੍ਰੋ.ਯਾਦਵਿੰਦਰ ਸਿੰਘ ਗਿੱਲ , ਪ੍ਰੋ.ਬਲਤੇਜ ਸਿੰਘ , ਡਾ.ਕਪਿਲ , ਪ੍ਰੋ.ਸ਼ਵੇਤਾ , ਪ੍ਰੋ.ਮਨਜਿੰਦਰ , ਪ੍ਰੋ.ਇਕਬਾਲ , ਪ੍ਰੋ.ਕੁਲਵਿੰਦਰ ,ਪ੍ਰੋ.ਗੁਰਪਿੰਦਰ ਅਤੇ ਪ੍ਰੋ.ਸ਼ੈਲਜਾ ਸਮੇਤ ਤਿੰਨ ਦਰਜਨ ਤੋਂ ਵੱਧ ਲੇਖਕਾਂ ਬੁੱਧੀਜੀਵੀਆਂ ਅਤੇ ਪਾਠਕਾਂ ਨੇ ਭਾਗ ਲਿਆ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਜਨਰਲ ਸਕੱਤਰ ਹਰਮੀਤ ਵਿਦਿਆਰਥੀ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸਮੂਹ ਲੇਖਕਾਂ ਬੁੱਧੀਜੀਵੀਆਂ ਪਾਠਕਾਂ ਦਾ ਧੰਨਵਾਦ ਕੀਤਾ ਅਤੇ ਸਮੁੱਚੇ ਸਮਾਗਮ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਇੱਕ ਲੰਮੇ ਸਮੇਂ ਦੀ ਔੜ ਤੋਂ ਬਾਅਦ ਸਾਹਿਤਕ ਸਖ਼ਸ਼ੀਅਤਾਂ ਅਤੇ ਸਰਗਰਮੀਆਂ ਪੱਖੋਂ ਫ਼ਿਰੋਜ਼ਪੁਰ ਹੁਣ ਇੱਕ ਮਹੱਤਵਪੂਰਨ ਕੇਂਦਰ ਬਣਦਾ ਜਾ ਰਿਹਾ ਹੈ।
No comments:
Post a Comment