google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪੰਜਾਬੀ ਦੇ ਚਰਚਿਤ ਗਲਪਕਾਰ ਜੋਰਾ ਸਿੰਘ ਸੰਧੂ ਦਾ ਦੇਹਾਂਤ

Thursday, 16 April 2020

ਪੰਜਾਬੀ ਦੇ ਚਰਚਿਤ ਗਲਪਕਾਰ ਜੋਰਾ ਸਿੰਘ ਸੰਧੂ ਦਾ ਦੇਹਾਂਤ

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ 
ਚੰਡੀਗੜ੍ਹ: 16 ਅਪ੍ਰੈਲ 2020: (ਕਰਮ ਵਕੀਲ//ਸਾਹਿਤ ਸਕਰੀਨ)::
ਲਾਕ ਡਾਊਨ ਦਾ ਦੌਰ ਹੈ। ਬਹੁਤ ਸਾਰੇ ਦਿਲਾਂ ਵਿੱਚ ਉਦਾਸੀ ਹੈ। ਉਦਾਸੀ ਦੇ ਇਸ ਆਲਮ ਵਿੱਚ ਜੇ ਕੋਈ ਮਿੱਤਰ ਪਿਆਰਾ ਸਦਾ ਲਈ ਵਿਛੜ ਜਾਏ ਤਾਂ ਇਹ ਦੁੱਖ ਆਮ ਨਾਲੋਂ ਜ਼ਿਆਦਾ ਅਸਹਿ।  ਕੋਰੋਨਾ ਤੋਂ ਬਚਾਓ ਲਈ ਘਰਾਂ ਵਿੱਚ ਲਾਕ ਡਾਊਨ ਦੀ ਬੰਦੀ ਹੈ। ਗਲੀ ਮੋਹੱਲੇ ਦੇ ਮੋੜਾਂ ਤੇ ਬੈਰੀਕੇਡ ਲੱਗੇ ਹੋਏ ਹਨ। ਅਜਿਹੇ ਉਦਾਸ ਮਾਹੌਲ ਵਿੱਚ ਪੰਜਾਬੀ ਦੇ ਚਰਚਿਤ ਗਲਪਕਾਰ ਜੋਰਾ ਸਿੰਘ ਸੰਧੂ ਲੰਬੀ ਬੀਮਾਰੀ ਉਪਰੰਤ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਇਸ ਵਿਛੋੜੇ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। 
ਉਹਨਾਂ ਦੀ ਸਾਹਿਤ ਰਚਨਾ ਦੇ ਪੜਾਅ ਇੱਕ ਇੱਕ ਕਰਕੇ ਯਾਦ ਆ ਰਹੇ ਹਨ। ਸੰਨ 1959 ਈ. ਵਿੱਚ 'ਅੰਮਾਂ' ਕਹਾਣੀ ਲਿਖ ਕੇ ਉਨ੍ਹਾਂ ਨੇ ਪੰਜਾਬੀ ਗਲਪ ਵਿੱਚ ਆਪਣੀ ਪੱਕੀ ਪੈਂਠ ਬਣਾ ਲਈ ਸੀ। ਫਿਰ ਉਸ ਨੇ ਲੰਮੇ ਸਮੇਂ ਤੱਕ ਖ਼ਾਮੋਸ਼ੀ ਧਾਰੀ ਰੱਖੀ ਤੇ ਸਿਰਜਣਾਤਮਿਕ ਸਰਗਰਮੀ ਤੋਂ ਪਾਸਾ ਵੱਟ ਲਿਆ। ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 'ਪਾਟਦੀ ਧੁੰਦ' 2009 ਈ. ਵਿੱਚ ਛਪਿਆ। ਇਸਤੋਂ ਬਾਅਦ ਸੰਨ 2010 ਵਿੱਚ ਉਸ ਦਾ ਕਹਾਣੀ ਸੰਗ੍ਰਹਿ 'ਬਿਗਾਨਾ ਘਰ' ਪਾਠਕਾਂ ਦੇ ਹੱਥ ਆਇਆ। ਇਸੇ ਸਾਲ ਉਸ ਦਾ ਆਪਣਾ ਪਲੇਠਾ ਨਾਵਲ 'ਮੈਂ ਅਜੇ ਨਾ ਵਿਹਲੀ' ਛਪਿਆ। ਉਸ ਦੇ ਤਿੰਨ ਹੋਰ ਨਾਵਲ ਉੱਤੋੜਿੱਤੀ (ਅੱਗੇ-ਪਿੱਛੇ) ਛਪੇ-'ਹੱਥਾਂ ਬਾਝ ਕਰਾਰਿਆਂ' (2015), 'ਮੋਕਲਾ ਰਾਹ' (2016) ਅਤੇ 'ਮੈਂ ਕਸੁੰਭੜਾ ਚੁਣ ਚੁਣ ਹਾਰੀ' (2016) ਵੀ  ਆਏ। ਇਹਨਾਂ ਪੁਸਤਕਾਂ ਨੇ ਪੰਜਾਬੀ ਪਾਠਕਾਂ ਵਿੱਚ ਆਪਣੀ ਨਵੇਕਲੀ ਥਾਂ ਬਣਾਈ। 
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਜੋਰਾ ਸਿੰਘ ਸੰਧੂ ਦੇ ਵਿੱਛੜ ਜਾਣ 'ਤੇ ਉਸ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਆਪਣੀ ਸੰਵੇਦਨਾ ਸਾਂਝੀ ਕਰਦਿਆਂ ਕਿਹਾ ਕਿ ਅਸੀਂ ਇੱਕ ਸੰਵੇਦਨਸ਼ੀਲ ਅਤੇ ਮੋਹਵੰਤੇ ਇਨਸਾਨ ਤੋਂ ਵੀ ਵਾਂਝੇ ਹੋ ਗਏ ਹਾਂ ਅਤੇ ਵੱਡੀਆਂ ਸੰਭਾਵਨਾਵਾਂ ਵਾਲੇ ਪ੍ਰਤੀਬੱਧ ਲੇਖਕ ਦੀ ਸਿਰਜਣਾਤਮਿਕ ਲੇਖਣੀ ਤੋਂ ਵੀ। ਉਨ੍ਹਾਂ ਦੀਆਂ ਲਿਖਤਾਂ ਉਨ੍ਹਾਂ ਦੀ ਸਰੀਰਕ ਰੂਪ ਵਿੱਚ ਗ਼ੈਰਹਾਜ਼ਰੀ ਵਿੱਚ ਵੀ ਸਾਡੇ ਅੰਗ-ਸੰਗ ਰਹਿਣਗੀਆਂ। 
ਮਾਹੌਲ ਠੀਕ ਹੋਣ ਮਗਰੋਂ ਉਹਨਾਂ ਦੀ ਯਾਦ ਵਿੱਚ  ਸੋਗ ਸਭਾ ਦਾ ਉਪਰਾਲਾ ਵੀ ਕੀਤਾ ਜਾਏਗਾ ਤਾਂਕਿ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਚਾਹਵਾਨ ਇਕੱਤਰ ਹੋ ਸਕਣ। ਉਹਨਾਂ ਦੇ ਤੁਰ ਜਾਣ ਦਾ ਦੁੱਖ ਤਾਂ ਰਹੇਗਾ ਹੀ। 

No comments:

Post a Comment