ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੈਂਬਰੀ ਦੇ ਫਾਰਮ ਵੀ ਭਰੇ ਜਾਣਗੇ
![]() |
ਪੰਜਾਬੀ ਗ਼ਜ਼ਲ ਮੰਚ ਦੀ ਇੱਕ ਪੁਰਾਣੀ ਮੀਟਿੰਗ ਦੀ ਤਸਵੀਰ |
ਲੁਧਿਆਣਾ: 15 ਜੂਨ 2019: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::
ਅੱਜ ਗੱਲ ਉਸ ਸਮੇਂ ਦੀ ਜਿਹੜਾ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਨਹੀਂ ਹੋਇਆ। ਸਿਰਫ ਸੁਣਿਆ ਹੋਇਆ ਹੈ। ਸੁਣ ਕੇ ਕਈ ਵਾਰ ਬੜਾ ਅਜੀਬ ਵੀ ਲੱਗਦਾ ਹੈ ਕਿ ਕਿਵੇਂ ਲੋਕ ਏਨੀ ਸਾਦਗੀ ਨਾਲ ਜ਼ਿੰਦਗੀ ਬਿਤਾਉਂਦੇ ਸਨ! ਵੱਡੇ ਵੱਡੇ ਲੇਖਕ ਸਾਈਕਲਾਂ 'ਤੇ ਆਉਂਦੇ ਜਾਂਦੇ ਸਨ। ਹਰ ਹਫਤੇ ਅਰਥਾਤ ਐਤਵਾਰ ਨੂੰ ਸਾਹਿਤਕ ਮੀਟਿੰਗਾਂ ਦਾ ਸਮਾਂ ਨਿਸਚਿਤ ਹੁੰਦਾ ਸੀ। ਚਾਹ ਦੀਆਂ ਚੁਸਕੀਆਂ ਨਾਲ ਕਵਿਤਾ ਅਤੇ ਕਹਾਣੀ ਦਾ ਦੌਰ ਚੱਲਦਾ ਅਤੇ ਉਸਾਰੂ ਚਰਚਾ ਵੀ ਹੁੰਦੀ। ਮੈਂ ਅਤੀਤ ਦੇ ਇਸ ਸਮੇਂ ਨੂੰ ਦੇਖਣਾ ਚਾਹੁੰਦੀ ਸਾਂ। ਕੋਈ ਟਾਈਮ ਮਸ਼ੀਨ ਮਿਲੇ ਤਾਂ ਕੁਝ ਕੁ ਸਾਲ ਪਿਛੇ ਜਾ ਕੇ ਉਸ ਸਮੇਂ ਦਾ ਰਹਿਣ ਸਹਿਣ ਦੇਖਾਂ। ਪਰ ਇਹ ਸ਼ਾਇਦ ਇੱਕ ਸੁਪਨੇ ਵਾਂਗ ਹੀ ਸੀ ਜਿਹੜਾ ਸਾਕਾਰ ਨਹੀਂ ਸੀ ਹੋਣਾ। ਅਤੀਤ ਵਾਲਾ ਸਮਾਂ ਉਹ ਸਮਾਂ ਸੀ ਜਦੋਂ ਏ ਸੀ ਕਲਚਰ ਆਮ ਨਹੀਂ ਸੀ ਹੋਇਆ ਕਰਦਾ। ਵੱਧ ਤੋਂ ਵੱਧ ਕੂਲਰ ਹੀ ਹੋਇਆ ਕਰਦੇ ਸਨ ਉਹ ਵੀ ਅਮੀਰਾਂ ਦੇ ਘਰਾਂ ਵਿੱਚ। ਇਸ ਲਈ ਸਾਹਿਤਿਕ ਮੀਟਿੰਗਾਂ ਵੀ ਇਸੇ ਸਾਦਗੀ ਨਾਲ ਹੋਣ ਦੀਆਂ ਗੱਲਾਂ ਸੁਣੀਆਂ। ਹਾਂ ਕੁਝ ਵੱਡੇ ਸਮਾਗਮ ਸ਼ਾਇਦ ਕਿਸੇ ਨ ਕਿਸੇ ਸਕੂਲ ਦੇ ਹਾਲ ਵਿੱਚ ਹੁੰਦੇ ਸਨ। ਇਹ ਸਾਰੀ ਝਲਕ ਮੈਂ ਕਦੇ ਨ ਕਦੇ ਪੁਰਾਣੀਆਂ ਐਲਬਮਾਂ ਦੇਖਦਿਆਂ ਨਜ਼ਰੀਂ ਪੈਂਦੀਆਂ ਤਸਵੀਰਾਂ ਚੋਂ ਦੇਖਿਆ। ਹੁਣ ਚੱਲ ਰਿਹੈ ਵਿਕਾਸ ਦਾ ਦੌਰ। ਡਿਜੀਟਲ ਇੰਡੀਆ ਵਾਲਾ ਦੌਰ। ਮੈਂ ਆਸ ਤਾਂ ਛੱਡ ਦਿੱਤੀ ਸੀ ਪਰ ਫਿਰ ਵੀ ਉਹ ਪੁਰਾਣਾ ਦੌਰ ਦੇਖਣ ਦੀ ਚਾਹਤ ਨਾ ਜਾਂਦੀ। ਫਿਰ ਇੱਕ ਦਿਨ ਗੱਲ ਬਣ ਹੀ ਗਈ। ਸਰਦੀਆਂ ਦਾ ਮੌਸਮ ਸੀ। ਪੰਜਾਬੀ ਭਵਨ ਵਿੱਚ ਕਿਸੇ ਸਮਾਜਿਕ/ਸਿਆਸੀ ਸਮਾਗਮ ਦੀ ਕਵਰੇਜ ਕਰਦਿਆਂ ਦੇਖਿਆ ਦੂਰ ਪਾਰਕ ਦੇ ਇੱਕ ਕੋਨੇ ਵਿੱਚ ਕੁਝ ਲੋਕ ਗੋਲ ਚੱਕਰ ਜਿਹਾ ਬਣਾ ਕੇ ਬੈਠੇ ਹਨ। ਹਾਲ ਅੰਦਰ ਹੋ ਰਹੇ ਸਮਾਗਮ ਦੀ ਕਵਰੇਜ ਦਾ ਜ਼ਰੂਰੀ ਕੰਮ ਮੁਕਾ ਕੇ ਓਧਰ ਨੂੰ ਰੁੱਖ ਕੀਤਾ ਕਿ ਪਤਾ ਕਰੀਏ ਇਹ ਲੋਕ ਕੌਣ ਹਨ? ਪਤਾ ਲੱਗਿਆ ਇਹ ਪੰਜਾਬੀ ਗ਼ਜ਼ਲ ਮੰਚ ਫਿਲੌਰ ਵਾਲੇ ਹਨ। ਚਰਚਾ ਬਹੁਤ ਸੁਣੀ ਸੀ ਪਰ ਇਸ ਮੀਟਿੰਗ ਨੂੰ ਖੁਦ ਪਹਿਲੀ ਵਾਰ ਦੇਖਿਆ ਸੀ। ਇਹ ਲੋਕ ਗੋਲ ਚੱਕਰ ਬਣਾ ਕੇ ਬਿਲਕੁਲ ਪੁਰਾਣੇ ਸਾਹਿਤਕਾਰਾਂ ਵਾਂਗ ਬੈਠੇ ਸਨ। ਬਿਲਕੁਲ ਇੱਕ ਦੂਜੇ ਦੇ ਸਾਹਮਣੇ। ਇੱਕ ਦੂਜੇ ਦੇ ਨੇੜੇ ਨੇੜੇ। ਇਸ ਤਰਾਂ ਲੱਗਿਆ ਇਹ ਉਹੀ ਪੁਰਾਣ ਅੰਦਾਜ਼ ਹੈ ਜਿਹੜਾ ਮੈਂ ਕਿਸੇ ਟਾਈਮ ਮਸ਼ੀਨ ਰਾਹੀਂ ਅਤੀਤ ਵਿਛ ਜਾ ਕੇ ਦੇਖਣਾ ਚਾਹੁੰਦੀ ਸਾਂ। ਵੱਖ ਵੱਖ ਥਾਈਂ ਦੇਖੀਆਂ ਤਸਵੀਰਾਂ ਨਾਲ ਰਲਦਾ ਮਿਲਦਾ ਜਿਹਾ ਅੰਦਾਜ਼। ਪੰਜਾਬੀ ਗ਼ਜ਼ਲ ਮੰਚ ਦੇ ਮੈਂਬਰ ਆਪੋ ਆਪਣੀ ਵਾਰੀ ਆਉਣ 'ਤੇ ਆਪੋ ਆਪਣੀ ਰਚਨਾ ਸੁਣਾਉਂਦੇ। ਕੋਈ ਤਰੰਨੁਮ ਨਾਲ ਅਤੇ ਕੋਈ ਬਿਨਾ ਤਰੰਨੁਮ ਦੇ। ਸਿਰਫ ਗ਼ਜ਼ਲਾਂ ਹੀ ਨਹੀਂ ਸਨ। ਗੀਤ ਵੀ ਸਨ ਅਤੇ ਦੂਜੀਆਂ ਕਵਿਤਾਵਾਂ ਵੀ। ਹਰ ਰਚਨਾ ਤੋਂ ਬਾਅਦ ਉਸਾਰੂ ਚਰਚਾ ਵੀ ਹੁੰਦੀ ਅਤੇ ਸਲਾਹਾਂ ਵੀ ਦਿੱਤੀਆਂ ਜਾਂਦੀਆਂ। ਜੇ ਚਾਰ ਕੁ ਸ਼ਾਇਰ ਹੋਰ ਆ ਜਾਂਦੇ ਤਾਂ ਸਾਹਿਤਕਾਰਾਂ ਦਾ ਇਹ ਘੇਰਾ ਬੜੀ ਹੋ ਗਰਮਜੋਸ਼ੀ ਨਾਲ ਹੋਰ ਮੋਕਲਾ ਹੋ ਜਾਂਦਾ। ਸਵਰਗੀ ਪ੍ਰੋਫੈਸਰ ਰਣਧੀਰ ਸਿੰਘ ਚੰਦ ਹੁਰਾਂ ਦੀਆਂ ਸਤਰਾਂ ਯਾਦ ਆਉਂਦੀਆਂ:
ਇੱਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ;
ਤੇਰਾ ਗਮ ਕਤਰੇ ਜਿਹਾ ਸੀ ਹੁਣ ਸਮੁੰਦਰ ਹੋ ਗਿਆ।
ਇੱਕ ਇੱਕ ਨੁਕਤੇ ਤੋਂ ਸ਼ੁਰੂ ਕਰਕੇ ਜ਼ਿੰਦਗੀ ਦੇ ਹਰ ਅਹਿਸਾਸ ਦੀ ਗੱਲ ਕਰਨ ਵਾਲਾ ਇਹ ਗ਼ਜ਼ਲ ਮੰਚ ਨਿਰੰਤਰ ਸਰਗਰਮ ਹੈ। ਹਰ ਮਹੀਨੇ ਬਾਕਾਇਦਗੀ ਨਾਲ ਮੀਟਿੰਗ ਹੁੰਦੀ ਹੈ। ਇਸ ਵਾਰ ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ:) ਫਿਲੌਰ ਦੀ ਮਹੀਨਾਵਾਰ ਮੀਟਿੰਗ 16 ਜੂਨ ਦਿਨ ਐਤਵਾਰ ਨੂੰ ਹੋਣੀ ਹੈ। ਸਥਾਨ ਉਹੀ ਹੈ। ਪੰਜਾਬੀ ਭਵਨ ਲੁਧਿਆਣਾ। ਟਾਈਮ ਵੀ ਉਹੀ-ਸਵੇਰੇ ਦਸ ਵਜੇ ਹੋਵੇਗੀ। ਇਹ ਜਾਣਕਾਰੀ ਦੇਂਦਿਆਂ ਜ.ਸ.ਪਰੀਤ ਫਿਲੌਰ ਨੇ ਦੱਸਿਆ ਕਿ ਜਿੰਨਾਂ ਸਾਹਿਤ ਪਰੇਮੀਆਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੈਂਬਰੀ ਨਹੀਂ ਲਈ ਹੋਈ ਉਹ ਆਪਣਾ ਬਾਇਓਡਾਟਾ ਲੈ ਕੇ ਆਉਣ ਤਾਂ ਕਿ ਮੈਂਬਰੀ ਦੇ ਫਾਰਮ ਭਰੇ ਜਾ ਸਕਣ। ਆਉਣ ਵਾਲੇ ਸਮਾਂ ਸੰਘਰਸ਼ਾਂ ਦਾ ਸਮਾਂ ਹੈ। ਇਸ ਲਈ ਜਲਦੀ ਤੋਂ ਜਲਦੀ ਇੱਕਜੁੱਟ ਹੋਣਾ ਜ਼ਰੂਰੀ ਹੋ ਗਿਆ ਹੈ।
No comments:
Post a Comment